- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝਬਾਲ ਦੇ ਦੋ ਗੁਰਦੁਆਰਾ ਸਾਹਿਬਾਨ ’ਚ ਇਕ ਔਰਤ ਨੇ ਕੀਤੀ ਬੇਅਦਬੀ ਦੀ ਕੋਸ਼ਿਸ਼

ਤੇਜਿੰਦਰ ਸਿੰਘ ਬੱਬੂ •ਪੰਜਾਬੀ ਜਾਗਰਣ,
ਝਬਾਲ : ਬੇਸ਼ੱਕ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾ ਦਿਤਾ ਹੈ। ਪਰ ਫਿਰ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿਸ ਦੇ ਚੱਲਦਿਆਂ ਬੀਤੀ ਦੇਰ ਸ਼ਾਮ ਕਸਬਾ ਝਬਾਲ ਵਿਖੇ ਇਤਿਹਾਸਕ ਗੁਰਦੁਆਰਾ ਮਾਤਾ ਭਾਗ ਕੌਰ ਜੀ ਅਤੇ ਗੁਰਦੁਆਰਾ ਬੀਬੀ ਵੀਰੋ ਜੀ ਵਿਖੇ ਇਕ ਸ਼ੱਕੀ ਔਰਤ ਨੇ ਅੰਦਰ ਦਾਖਲ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਪ੍ਰਬੰਧਕਾਂ ਦੀ ਚੌਕਸੀ ਦੇ ਚੱਲਦਿਆਂ ਔਰਤ ਨੂੰ ਮੌਕੇ ’ਤੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਇਸ ਸਬੰਧੀ ਮਾਤਾ ਭਾਗ ਕੌਰ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਸਮੇਂ ਇਕ ਔਰਤ ਜੋ ਮੰਦ ਬੁੱਧੀ ਹੋਣ ਦਾ ਨਾਟਕ ਕਰ ਰਹੀ ਸੀ, ਸ੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ ਅਤੇ ਉਸ ਨੇ ਥੜਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਪਰ ਉਥੇ ਹਾਜ਼ਰ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਫੜ ਕੇ ਹੇਠਾਂ ਖਿੱਚ ਲਿਆ। ਜਦੋਂ ਕਿ ਉਕਤ ਔਰਤ ਨੇ ਅਗਲੇ ਪਾਸੇ ਪਏ ਸ਼ਸਤਰਾਂ ਵਿੱਚੋਂ ਕਿਰਪਾਨ ਵੀ ਚੁੱਕਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪਤਾ ਲੱਗਿਆ ਹੈ ਕਿ ਉਕਤ ਔਰਤ ਦੇ ਹੱਥਾਂ ਵਿਚ ਇਕ ਲਿਫ਼ਾਫ਼ਾ ਸੀ, ਜਿਸ ਵਿਚ ਜੁੱਤੀਆਂ ਪਾਈਆਂ ਸਨ। ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਉਕਤ ਔਰਤ ਇਤਿਹਾਸਕ ਗੁਰਦੁਆਰਾ ਬੀਬੀ ਵੀਰੋ ਜੀ ਦੇ ਅੰਦਰ ਵੀ ਦਾਖਲ ਹੋਈ ਸੀ, ਪਰ ਉਥੇ ਵੀ ਹਾਜ਼ਰ ਪ੍ਰਬੰਧਕਾਂ ਦੇ ਕਾਰਨ ਬੇਅਦਬੀ ਦਾ ਬਚਾਅ ਹੋ ਗਿਆ। ਫੜੀ ਗਈ ਔਰਤ ਦੀ ਸ਼ਨਾਖਤ ਨਹੀਂ ਹੋ ਸਕੀ, ਪਰ ਹਾਜ਼ਰ ਲੋਕਾਂ ਨੂੰ ਉਹ ਗਾਲੀ ਗਲੋਚ ਕਰ ਰਹੀ ਸੀ। ਪਹਿਲੀਆਂ ਘਟਨਾਵਾਂ ਦੀ ਤਰ੍ਹਾਂ ਇਹ ਔਰਤ ਵੀ ਸਿਧਰੀ ਹੋਣ ਦਾ ਦਿਖਾਵਾ ਕਰਦੀ ਰਹੀ। ਉਨ੍ਹਾਂ ਦੱਸਿਆ ਕਿ ਉਕਤ ਔਰਤ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਧਰ ਇਸ ਘਟਨਾ ਨੂੰ ਲੈ ਕੇ ਸੰਗਤ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ। ਦੋਵਾਂ ਗੁਰਦੁਆਰਾ ਸਾਹਿਬਾਨਾਂ ਵਿਚ ਵਾਪਰੇ ਘਟਨਾਕ੍ਰਮ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ ਹਨ।
---------
ਸਿੱਖ ਸੰਗਤ ਤੇ ਗੁਰਦਆਰਾ ਕਮੇਟੀਆਂ ਸੁਚੇਤ ਰਹਿਣ : ਨਿਸ਼ਾਨ ਸਿੰਘ ਗੰਡੀਵਿੰਡ
ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੀਆਂ ਅਜਿਹੀਆਂ ਮੰਦਭਾਗੀ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਭ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੂੰ ਸੁਚੇਤ ਰਹਿਣ ਦੀ ਸਖ਼ਤ ਲੋੜ ਹੈ। ਉਨ੍ਹਾਂ ਸਮੂਹ ਗੁਰਦੁਆਰਾ ਕਮੇਟੀਆਂ ਤੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਇਸ ਸਬੰਧੀ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ, ਤਾਂ ਜੋ ਕੋਈ ਗੁਰੂ ਦੋਖੀ ਅਜਿਹੀ ਮਾੜੀ ਘਟਨਾ ਨੂੰ ਅੰਜਾਮ ਨਾ ਦੇ ਸਕੇ।