- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੂਫ਼ਾਨ ਤੇ ਗੜੇਮਾਰੀ ਨੇ ਪੱਟੀ ਇਲਾਕੇ ਦੇ ਨਾਸ਼ਪਾਤੀ ਕਾਸ਼ਤਕਾਰਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ

ਕੇਪੀ ਗਿੱਲ•, ਪੰਜਾਬੀ ਜਾਗਰਣ,
ਕੈਰੋਂ : ਪੱਟੀ ਇਲਾਕੇ ਦੇ ਨਾਸ਼ਪਾਤੀ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਪਹਿਲਾਂ ਘੱਟ ਪੈਦਾਵਾਰ ਅਤੇ ਮੰਦੀ ਦੀ ਮਾਰ ਨਾਲ ਜੂਝ ਰਹੇ ਬਾਗਬਾਨ ਕਿਸਾਨਾਂ ਨੂੰ ਹੁਣ ਲੰਘੀ ਰਾਤ ਆਏ ਤੇਜ਼ ਤੂਫ਼ਾਨ, ਹਨੇਰੀ ਅਤੇ ਗੜੇਮਾਰੀ ਨੇ ਵੱਡਾ ਝਟਕਾ ਦਿੱਤਾ ਹੈ। ਤੇਜ਼ ਹਵਾਵਾਂ ਕਾਰਨ ਵੱਡੀ ਗਿਣਤੀ ਵਿਚ ਨਾਸ਼ਪਾਤੀ ਦੇ ਫ਼ਲ ਰੁੱਖਾਂ ਤੋਂ ਝੜ ਗਏ, ਜਦਕਿ ਕਈ ਬਾਗਾਂ ਵਿਚ ਪੌਦਿਆਂ ਅਤੇ ਟਾਹਣੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਕੁਝ ਦਿਨ ਪਹਿਲਾਂ ਹੀ ਅਦਾਰਾ ਪੰਜਾਬੀ ਜਾਗਰਣ ਨੇ ਪੱਟੀ ਇਲਾਕੇ ਦੇ ਨਾਸ਼ਪਾਤੀ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਉਸ ਰਿਪੋਰਟ ਵਿਚ ਕਿਸਾਨਾਂ ਨੇ ਦੱਸਿਆ ਸੀ ਕਿ ਇਸ ਵਾਰ ਫ਼ਲ ਦਾ ਝਾੜ ਘੱਟ ਹੋਣ ਕਾਰਨ ਬਾਹਰੀ ਵਪਾਰੀਆਂ ਨੇ ਬਾਗਾਂ ਦੇ ਠੇਕੇ ਲੈਣ ਤੋਂ ਕਿਨਾਰਾ ਕਰ ਲਿਆ ਹੈ ਅਤੇ ਕਿਸਾਨ ਖੁਦ ਬਾਗਾਂ ਦੀ ਸੰਭਾਲ ਅਤੇ ਫ਼ਲ ਦੀ ਤੋੜ ਕਰਨ ਲਈ ਮਜਬੂਰ ਹਨ। ਹੁਣ ਕੁਦਰਤ ਦੀ ਮਾਰ ਨੇ ਉਨ੍ਹਾਂ ਦੀਆਂ ਰਹਿੰਦੀਆਂ-ਖੂੰਹਦੀਆਂ ਉਮੀਦਾਂ ਨੂੰ ਵੀ ਝਟਕਾ ਦਿੱਤਾ ਹੈ।
ਕਿਸਾਨਾਂ ਅਨੁਸਾਰ ਜਿਹੜੇ ਫ਼ਲ ਕੁਝ ਹੀ ਦਿਨਾਂ ਵਿਚ ਮੰਡੀਆਂ ’ਚ ਪਹੁੰਚਣ ਵਾਲੇ ਸਨ, ਉਹ ਵੱਡੀ ਗਿਣਤੀ ਵਿਚ ਜ਼ਮੀਨ ’ਤੇ ਡਿੱਗ ਕੇ ਖਰਾਬ ਹੋ ਗਏ ਹਨ। ਕਈ ਬਾਗਾਂ ਵਿਚ ਨਵੇਂ ਪੌਦੇ ਤੇਜ਼ ਹਵਾਵਾਂ ਕਾਰਨ ਨੁਕਸਾਨੇ ਗਏ ਹਨ, ਜਿਸ ਨਾਲ ਆਉਣ ਵਾਲੇ ਸਾਲਾਂ ਦੀ ਪੈਦਾਵਾਰ 'ਤੇ ਵੀ ਅਸਰ ਪੈ ਸਕਦਾ ਹੈ। ਬਾਗਬਾਨਾਂ ਦਾ ਕਹਿਣਾ ਹੈ ਕਿ ਨਾਸ਼ਪਾਤੀ ਦੀ ਖੇਤੀ ਵਿਚ ਪਹਿਲਾਂ ਹੀ ਲੱਖਾਂ ਰੁਪਏ ਦਾ ਨਿਵੇਸ਼ ਹੁੰਦਾ ਹੈ ਅਤੇ ਅਜਿਹੀਆਂ ਕੁਦਰਤੀ ਆਫ਼ਤਾਂ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰ ਦਿੰਦੀਆਂ ਹਨ।
ਇਲਾਕੇ ਦੇ ਬਾਗਬਾਨਾਂ ਨੇ ਦੱਸਿਆ ਕਿ ਇਕ ਪਾਸੇ ਲੇਬਰ ਦੀ ਕਮੀ, ਮਹਿੰਗੀਆਂ ਦਵਾਈਆਂ, ਪਾਣੀ ਅਤੇ ਬਿਜਲੀ ਦੀ ਸਮੱਸਿਆ ਹੈ, ਦੂਜੇ ਪਾਸੇ ਮੌਸਮ ਦੀ ਅਨਿਸ਼ਚਿਤਤਾ ਨੇ ਬਾਗਬਾਨੀ ਨੂੰ ਹੋਰ ਜ਼ੋਖ਼ਮ ਭਰਿਆ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਾਸ਼ਪਾਤੀ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਗਿਰਦਾਵਰੀ ਕਰਵਾਉਣੀ ਚਾਹੀਦੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਬਾਗਬਾਨ ਕਿਸਾਨਾਂ ਦਾ ਕਹਿਣਾ ਹੈ ਕਿ ਪੱਟੀ ਇਲਾਕਾ ਪੰਜਾਬ ਦੀ ਬਾਗਬਾਨੀ ਦਾ ਮਹੱਤਵਪੂਰਨ ਕੇਂਦਰ ਹੈ ਅਤੇ ਇਥੇ ਪੈਦਾ ਹੋਣ ਵਾਲੀ ਨਾਸ਼ਪਾਤੀ ਦੀ ਮੰਗ ਦੇਸ਼ ਅਤੇ ਵਿਦੇਸ਼ ਵਿਚ ਹੈ। ਜੇਕਰ ਸਰਕਾਰ ਵੱਲੋਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਨਾ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿਚ ਕਈ ਕਿਸਾਨ ਇਸ ਖੇਤੀ ਤੋਂ ਮੂੰਹ ਮੋੜ ਸਕਦੇ ਹਨ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਬਾਗਬਾਨੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਨੁਕਸਾਨ ਦਾ ਤੁਰੰਤ ਜਾਇਜ਼ਾ ਲੈ ਕੇ ਪ੍ਰਭਾਵਿਤ ਨਾਸ਼ਪਾਤੀ ਕਾਸ਼ਤਕਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ, ਤਾਂ ਜੋ ਪੰਜਾਬ ਦੀ ਬਾਗਬਾਨੀ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਵੱਡੇ ਸੰਕਟ ਤੋਂ ਬਚਾਇਆ ਜਾ ਸਕੇ।
------
ਪਲਾਂ ਦੇ ਤੂਫ਼ਾਨ ਨੇ ਮਹੀਨਿਆਂ ਦੀ ਮਿਹਨਤ ਕੀਤੀ ਬਰਬਾਦ
ਲੰਘੀ ਰਾਤ ਆਏ ਤੇਜ਼ ਤੂਫ਼ਾਨ, ਹਨੇਰੀ ਅਤੇ ਗੜੇਮਾਰੀ ਨੇ ਪੱਟੀ ਇਲਾਕੇ ਦੇ ਬਾਗਬਾਨਾਂ ਅਤੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੁਝ ਹੀ ਮਿੰਟਾਂ ਦੀ ਕੁਦਰਤੀ ਆਫ਼ਤ ਨੇ ਮਹੀਨਿਆਂ ਦੀ ਮਿਹਨਤ ਅਤੇ ਲੱਖਾਂ ਰੁਪਏ ਦੇ ਖ਼ਰਚੇ ’ਤੇ ਪਾਣੀ ਫੇਰ ਦਿੱਤਾ। ਬਾਗਾਂ ਵਿਚ ਫਲ ਜ਼ਮੀਨ 'ਤੇ ਵਿਛ ਗਏ, ਟਾਹਣੀਆਂ ਟੁੱਟ ਗਈਆਂ ਅਤੇ ਕਈ ਥਾਵਾਂ ’ਤੇ ਨਵੇਂ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੁਦਰਤ ਦੀ ਮਾਰ ਅੱਗੇ ਇਨਸਾਨ ਬੇਵੱਸ ਹੈ, ਪਰ ਅਜਿਹੇ ਔਖੇ ਵੇਲੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਬਾਗਬਾਨਾਂ ਦਾ ਸਾਥ ਦੇਣਾ ਸਮੇਂ ਦੀ ਮੁੱਖ ਲੋੜ ।
-------
ਨਾਸ਼ਪਾਤੀ ਦੀ ਅਣਦੇਖੀ ਬੰਦ ਕਰੇ ਸਰਕਾਰ, ਹਰ ਸਾਲ ਹੁੰਦੇ ਨੁਕਸਾਨ – ਕਿਸਾਨ
ਨਾਸ਼ਪਾਤੀ ਨਾਲ ਸਬੰਧਤ ਕਿਸਾਨਾਂ ਨੇ ਕਿਹਾ ਕਿ ਜਿੰਨੀ ਫ਼ਾਇਦੇਮੰਦ ਨਾਸ਼ਪਾਤੀ ਦੀ ਫ਼ਸਲ ਹੈ ਅਤੇ ਜਿੰਨੀ ਇਸ ਦੀ ਦੇਸ਼-ਵਿਦੇਸ਼, ਖ਼ਾਸ ਕਰਕੇ ਅਰਬ ਦੇਸ਼ਾਂ ਵਿਚ ਮੰਗ ਹੈ, ਉਸ ਦੇ ਮੁਕਾਬਲੇ ਸਰਕਾਰ ਬਾਗਬਾਨੀ ਖੇਤਰ ਨੂੰ ਬਹੁਤ ਹਲਕੇ ਵਿਚ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਕੁਦਰਤੀ ਆਫ਼ਤਾਂ, ਤੇਜ਼ ਹਵਾਵਾਂ, ਗੜੇਮਾਰੀ ਅਤੇ ਬੇਮੌਸਮੀ ਬਰਸਾਤ ਕਾਰਨ ਨਾਸ਼ਪਾਤੀ ਦੇ ਬਾਗਾਂ ਦਾ ਭਾਰੀ ਨੁਕਸਾਨ ਹੁੰਦਾ ਹੈ, ਪਰ ਅੱਜ ਤਕ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਜ਼ਮੀਨੀ ਪੱਧਰ ’ਤੇ ਪਹੁੰਚ ਕੇ ਵਿਸ਼ੇਸ਼ ਸਰਵੇਖਣ ਕਰਕੇ ਸਰਕਾਰ ਨੂੰ ਪ੍ਰਭਾਵਸ਼ਾਲੀ ਰਿਪੋਰਟ ਨਹੀਂ ਭੇਜੀ ਗਈ। ਜੇਕਰ ਕੋਈ ਰਿਪੋਰਟ ਭੇਜੀ ਵੀ ਜਾਂਦੀ ਹੈ, ਤਾਂ ਉਹ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਤਕ ਨਾਸ਼ਪਾਤੀ ਦੇ ਬਾਗਾਂ ਨੂੰ ਹੋਏ ਨੁਕਸਾਨ ਦਾ ਕੋਈ ਢੁਕਵਾਂ ਮੁਆਵਜ਼ਾ ਨਹੀਂ ਮਿਲਿਆ, ਜਿਸ ਕਾਰਨ ਬਾਗਬਾਨ ਕਿਸਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ।
----------
ਨਾਸ਼ਪਾਤੀ ਕਾਸ਼ਤਕਾਰਾਂ ਨੂੰ ਤੁਰੰਤ ਮੁਆਵਜ਼ਾ ਦੇਵੇ ਪੰਜਾਬ ਸਰਕਾਰ : ਕਿਸਾਨ ਆਗੂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਲੰਘੀ ਰਾਤ ਆਏ ਤੂਫ਼ਾਨ, ਹਨੇਰੀ ਅਤੇ ਗੜੇਮਾਰੀ ਕਾਰਨ ਨਾਸ਼ਪਾਤੀ ਦੇ ਬਾਗਾਂ ਨੂੰ ਹੋਏ ਭਾਰੀ ਨੁਕਸਾਨ 'ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਪ੍ਰਭਾਵਿਤ ਕਿਸਾਨਾਂ ਲਈ ਵਿਸ਼ੇਸ਼ ਮੁਆਵਜ਼ਾ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਸ਼ਪਾਤੀ ਕਾਸ਼ਤਕਾਰ ਪਹਿਲਾਂ ਹੀ ਘੱਟ ਝਾੜ, ਮੰਦੀ ਅਤੇ ਵਧਦੇ ਖਰਚਿਆਂ ਦੀ ਮਾਰ ਹੇਠ ਸਨ, ਪਰ ਹੁਣ ਕੁਦਰਤੀ ਆਫ਼ਤ ਨੇ ਉਨ੍ਹਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਬਾਗਬਾਨੀ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਗਿਰਦਾਵਰੀ ਕਰਵਾ ਕੇ ਅਸਲ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਾਗਬਾਨੀ ਨੂੰ ਬਚਾਉਣਾ ਹੈ ਤਾਂ ਸਰਕਾਰ ਨੂੰ ਰਵਾਇਤੀ ਫ਼ਸਲਾਂ ਦੀ ਤਰ੍ਹਾਂ ਫ਼ਲ ਉਤਪਾਦਕ ਕਿਸਾਨਾਂ ਲਈ ਵੀ ਵਿਸ਼ੇਸ਼ ਸੁਰੱਖਿਆ ਅਤੇ ਰਾਹਤ ਯੋਜਨਾਵਾਂ ਲਾਗੂ ਕਰਨੀਆਂ ਪੈਣਗੀਆਂ, ਨਹੀਂ ਤਾਂ ਕਿਸਾਨ ਬਾਗਬਾਨੀ ਤੋਂ ਮੂੰਹ ਮੋੜਨ ਲਈ ਮਜਬੂਰ ਹੋ ਜਾਣਗੇ।