ਤਲਵੰਡੀ ਚਾਣਚੱਕ ਨੇੜੇ ਸੂਏ ਦੇ ਕੰਢੇ ’ਤੇ ਮੋਘਾ ਟੁੱਟਾ, 150 ਏਕੜ ਫ਼ਸਲਾਂ ਖਰਾਬ
ਤਲਵੰਡੀ ਚਾਣਚੱਕ ਨੇੜੇ ਸੂਏ ਦੇ ਕੰਢੇ ’ਤੇ ਮੋਘਾ ਟੁੱਟਾ, 150 ਏਕੜ ਫ਼ਸਲਾਂ ਖਰਾਬ
Publish Date: Fri, 12 Jun 2026 07:25 PM (IST)
Updated Date: Sat, 13 Jun 2026 04:06 AM (IST)

ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ, ਵਲਟੋਹਾ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਜੰਡ ਮਾਹਣੇਕੇ ਅਤੇ ਮਾਣ ਪਿੰਡ ਦੇ ਨਜ਼ਦੀਕ ਵੱਡੇ ਪੱਧਰ ’ਤੇ ਸੂਏ ਦਾ ਪਾਣੀ ਭਰ ਜਾਣ ਕਾਰਨ 150 ਦੇ ਏਕੜ ਝੋਨੇ ਦੀ ਲੱਗੀ ਹੋਈ ਫਸਲ ਤੋਂ ਇਲਾਵਾ ਝੋਨੇ ਦੀ ਪਨੀਰੀ ਅਤੇ ਪਸ਼ੂਆਂ ਦਾ ਚਾਰਾ ਖਰਾਬ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਵਿਰੋਧ ਵਿਚ ਕਿਸਾਨਾਂ ਨੇ ਨਹਿਰੀ ਮਹਿਕਮੇ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਸਬੰਧੀ ਪੀੜਤ ਕਿਸਾਨ ਕਰਨੈਲ ਸਿੰਘ ਗੁਰਭੇਜ ਸਿੰਘ ਰਵੇਲ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਚਾਣਚੱਕ ਦੇ ਨਜ਼ਦੀਕ ਜੋ ਪੰਜਾਬ ਸਰਕਾਰ ਨੇ ਨਵਾਂ ਸੂਆ ਬਣਾਇਆ ਹੈ, ਉਸ ਵਿਚ ਪਾਣੀ ਜ਼ਿਆਦਾ ਆ ਜਾਣ ਕਾਰਨ ਸੂਏ ਦੇ ਨਾਲ ਜਿਸ ਖਾਲ ਵਿਚ ਨਹਿਰੀ ਪਾਣੀ ਜਾਂਦਾ ਹੈ, ਉਸ ਦਾ ਮੋਘਾ ਦੋ ਦਿਨ ਤੋਂ ਟੁੱਟਾ ਹੋਇਆ ਹੈ, ਜੋ ਇਸ ਜਗ੍ਹਾ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਹੈ। ਪਾਣੀ ਤੇਜ਼ ਹੋਣ ਕਾਰਨ 150 ਦੇ ਕਰੀਬ ਏਕੜ ਜ਼ਮੀਨ ਵਿਚ ਫੈਲ ਗਿਆ ਅਤੇ ਇਸ ਨਾਲ ਲੱਗੀ ਹੋਈ ਝੋਨੇ ਦੀ ਫ਼ਸਲ ਵੀ ਡੁੱਬ ਗਈ। ਜਦੋਂਕਿ ਜੋ ਝੋਨਾ ਲੱਗਣਾ ਸੀ, ਉਸਦੀ ਪਨੀਰੀ ਵੀ ਡੁੱਬ ਗਈ ਹੈ। ਪਸ਼ੂਆਂ ਦੇ ਚਾਰੇ ਪਾਣੀ ਦੀ ਭੇਟ ਚੜ੍ਹ ਕੇ ਖ਼ਰਾਬ ਹੋ ਗਏ ਹਨ। ਇਥੋਂ ਤਕ ਕਿ ਹੁਣ ਇਹ ਪਾਣੀ ਲੋਕਾਂ ਦੇ ਘਰਾਂ ਵਿਚ ਵੜਦਾ ਜਾ ਰਿਹਾ ਹੈ। ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਕਿਸਾਨਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨਹਿਰ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਪਰ ਅੱਗੋ ਇਸ ਪਾਣੀ ਨੂੰ ਰੋਕ ਲਾਉਣ ਦੀ ਬਜਾਏ ਮਹਿਕਮੇ ਦੇ ਅਧਿਕਾਰੀ ਉਨ੍ਹਾਂ ਨੂੰ ਹੀ ਗਲਤ ਠਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਵਿਚ ਵੱਡੇ ਨੁਕਸਾਨ ਹੋਣ ਦਾ ਖਾਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਨਹਿਰ ਮਹਿਕਮੇ ਦੇ ਅਧਿਕਾਰੀਆਂ ਨੂੰ ਆਦੇਸ਼ ਦੇ ਕੇ ਇਸ ਪਾਣੀ ਨੂੰ ਬੰਦ ਕਰਵਾਇਆ ਜਾਵੇ। ਉਥੇ ਹੀ ਲਾਪਰਵਾਹੀ ਕਰਨ ਵਾਲੇ ਨਹਿਰ ਮਹਿਕਮੇ ਦੇ ਅਧਿਕਾਰੀਆਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਫਸਲਾਂ ਖਰਾਬ ਹੋ ਚੁੱਕੀਆਂ ਹਨ, ਉਸ ਦਾ ਬਣਦਾ ਮੁਆਵਜ਼ਾ ਉਨ੍ਹਾਂ ਨੂੰ ਦਿੱਤਾ ਜਾਵੇ।