- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਦੇ ਵਰਕਰਾਂ ਕੀਤਾ ਪੂਰਨ ਕੰਮ ਠੱਪ ਦਾ ਐਲਾਨ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਬੈਨਰ ਹੇਠ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ, ਗੋਇੰਦਵਾਲ ਸਾਹਿਬ ਦੇ ਵਰਕਰਾਂ ਵੱਲੋਂ ਚੱਲ ਰਿਹਾ ਸੰਘਰਸ਼ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਿਆ। ਸਰਕਾਰ ਵੱਲੋਂ ਆਊਟਸੋਰਸਡ ਕਰਮਚਾਰੀਆਂ ਨੂੰ ਵਿਭਾਗ ਵਿਚ ਮਰਜ ਸ਼ਾਮਿਲ ਕਰਨ ਸਬੰਧੀ ਕੋਈ ਠੋਸ ਫੈਸਲਾ ਨਾ ਲਏ ਜਾਣ ਕਾਰਨ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਧਰਨੇ ਦੇ ਚੌਥੇ ਦਿਨ ਮੁੱਖ ਇੰਜੀਨੀਅਰ ਐੱਸਪੀ ਸਿੰਘ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੋਪੜ ਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ। ਮੀਟਿੰਗ ਦੌਰਾਨ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਪ੍ਰਮੁੱਖਤਾ ਨਾਲ ਰੱਖਿਆ ਅਤੇ ਮੰਗਾਂ ਦੇ ਜਲਦ ਹੱਲ ਦੀ ਮੰਗ ਕੀਤੀ। ਲੰਬੀ ਚਰਚਾ ਦੇ ਬਾਵਜੂਦ ਮੀਟਿੰਗ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ।
ਮੀਟਿੰਗ ਦੌਰਾਨ ਮੁੱਖ ਇੰਜੀਨੀਅਰ ਐੱਸਪੀ ਸਿੰਘ ਨੇ ਯੂਨੀਅਨ ਵਰਕਰਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਫੈਸਲਾ ਲੈਣਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਅਤੇ ਉਹ ਇਨ੍ਹਾਂ ਮੰਗਾਂ ਉੱਤੇ ਕੋਈ ਅੰਤਿਮ ਮੋਹਰ ਨਹੀਂ ਲਗਾ ਸਕਦੇ। ਇਸ ਕਾਰਨ ਮੀਟਿੰਗ ਬੇਸਿੱਟਾ ਰਹੀ, ਜਿਸ ਨਾਲ ਵਰਕਰਾਂ ਵਿਚ ਹੋਰ ਨਾਰਾਜ਼ਗੀ ਵਧ ਗਈ।
ਪਾਵਰ ਪਲਾਂਟ ਵਰਕਰ ਯੂਨੀਅਨ ਗੋਇੰਦਵਾਲ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਆਊਟਸੋਰਸਡ ਕਰਮਚਾਰੀਆਂ ਨੂੰ ਵਿਭਾਗ ਵਿਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ 13 ਜੂਨ ਤੋਂ ਤਤਕਾਲੀਨ ਕੰਮ ਦਾ ਬਾਈਕਾਟ ਕਰਦਿਆਂ ਪਲਾਂਟ ਦੇ ਕੰਮ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਲਾਂਟ ਦੇ 270 ਮੈਗਾਵਾਟ ਦੇ ਦੋਵੇਂ ਯੂਨਿਟਾਂ ਦਾ ਸੰਚਾਲਨ ਪਹਿਲਾਂ ਹੀ ਘੱਟ ਸਟਾਫ਼ ਨਾਲ ਚੱਲ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਸਮੇਂ ਸਿਰ ਕੋਈ ਹੱਲ ਨਾ ਕੱਢਿਆ ਤਾਂ ਦੋਵੇਂ ਯੂਨਿਟ ਪ੍ਰਭਾਵਿਤ ਹੋ ਸਕਦੇ ਹਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਸ ਦਾ ਅਸਰ ਪੰਜਾਬ ਦੀ ਬਿਜਲੀ ਸਪਲਾਈ ਉੱਤੇ ਵੀ ਪੈ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਮੰਗਾਂ ਨੂੰ ਅਣਡਿੱਠਾ ਕਰ ਰਹੀ ਹੈ, ਜਿਸ ਕਾਰਨ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤਕ ਮੰਗਾਂ ਦਾ ਲਿਖਤੀ ਹੱਲ ਨਹੀਂ ਹੁੰਦਾ, ਉਦੋਂ ਤਕ ਧਰਨਾ ਅਤੇ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਨਰਲ ਸਕੱਤਰ ਅਮਰਦੀਪ ਸਿੰਘ, ਵਾਈਸ ਪ੍ਰਧਾਨ ਜਸਵਿੰਦਰ ਸਿੰਘ, ਪ੍ਰੈਸ ਸਕੱਤਰ ਅਮਰੀਕ ਸਿੰਘ, ਸੋਸ਼ਲ ਮੀਡੀਆ ਇੰਚਾਰਜ ਧਰਮਿੰਦਰ ਸਿੰਘ, ਕੈਸ਼ੀਅਰ ਤਰਸੇਮ ਸਿੰਘ, ਸੰਜੀਵ ਕੁਮਾਰ, ਸਲਾਹਕਾਰ ਸ਼ਰਮਾ, ਅੰਗਰੇਜ਼ ਸਿੰਘ, ਪ੍ਰਭਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ,
ਕੰਵਲਜੀਤ ਸਿੰਘ, ਸਰਵਣ ਸਿੰਘ, ਗੁਰਜੀਤ ਸਿੰਘ, ਲਖਬੀਰ ਸਿੰਘ, ਅਮਰਜੀਤ ਸਿੰਘ, ਜਗਰੂਪ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਜਸਪਾਲ ਸਿੰਘ, ਰਾਜਵਿੰਦਰ ਸਿੰਘ ਮਿੱਠਾ, ਅਕਾਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।