- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜ਼ ਤੂਫਾਨ ਨਾਲ ਪਾਵਰਕਾਮ, ਬਨਸਪਤੀ ਤੇ ਕਿਸਾਨਾਂ ਦਾ ਭਾਰੀ ਨੁਕਸਾਨ

ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ,
ਹਰੀਕੇ ਪੱਤਣ : ਵੀਰਵਾਰ ਦੇਰ ਸ਼ਾਮ ਆਏ ਮੀਂਹ ਨਾਲ 10-12 ਡਿਗਰੀ ਤਾਪਮਾਨ ਦੀ ਗਿਰਾਵਟ ਹੋਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਤਾਂ ਮਹਿਸੂਸ ਕੀਤੀ, ਪਰ ਤੇਜ਼ ਤੂਫਾਨ ਦੀ ਲਪੇਟ ਵਿਚ ਆ ਕੇ ਵੱਡੀ ਗਿਣਤੀ ਵਿਚ ਦਰੱਖਤ, ਪਾਵਰਕਾਮ ਦੇ ਉਪਕਰਨ, ਘਰਾਂ ਦੀਆਂ ਛੱਤਾਂ ਅਤੇ ਪਸ਼ੂਆਂ ਦੇ ਸ਼ੈੱਡ ਨੁਕਸਾਨੇ ਗਏ। ਖੇਤਾਂ ਵਿਚ ਡਿੱਗੇ ਖੰਭਿਆਂ ਅਤੇ ਟਰਾਂਸਫਾਰਮਰਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਕਈ ਦਿਨ ਲੱਗ ਸਕਦੇ ਹਨ, ਜਿਸ ਕਾਰਨ ਝੋਨੇ ਦੀ ਲੁਆਈ ਪੱਛੜ ਜਾਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਦਹਾਕਿਆਂ ਪੁਰਾਣੇ ਅਤੇ ਕਈ ਫੁੱਟ ਉੱਚੇ ਦਰੱਖਤਾਂ ਦੇ ਸੜਕਾਂ ’ਤੇ ਡਿੱਗਣ ਕਾਰਨ ਕੌਮੀ ਸ਼ਾਹ ਮਾਰਗ-54 ਨੂੰ ਜੋੜਦੀ ਸੰਪਰਕ ਸੜਕ ਕਾਫ਼ੀ ਸਮੇਂ ਤਕ ਬੰਦ ਰਹੀ। ਆਵਾਜਾਈ ਬਹਾਲ ਕਰਨ ਲਈ ਵਣ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਕਮਲਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਮੁੱਚੀ ਟੀਮ ਤੱਤਪਰ ਨਜ਼ਰ ਆਈ।
ਵੀਰਵਾਰ ਦੇਰ ਸ਼ਾਮ ਹੋਇਆ ਬਲੈਕ ਆਊਟ ਸ਼ੁੱਕਰਵਾਰ ਸ਼ਾਮ ਤਕ ਜਾਰੀ ਰਿਹਾ। ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਹਰੀਕੇ ਸਬ-ਡਵੀਜ਼ਨ ਅਧੀਨ ਕਰੀਬ 150 ਟਰਾਂਸਫਾਰਮਰ ਨੁਕਸਾਨੇ ਗਏ, ਜਦੋਂਕਿ ਟੁੱਟੇ ਖੰਭਿਆਂ ਦੀ ਗਿਣਤੀ ਸਬੰਧੀ ਅੰਤਿਮ ਅੰਕੜੇ ਸਾਹਮਣੇ ਨਹੀਂ ਆਏ। ਇਸ ਦੇ ਬਾਵਜੂਦ ਪਾਵਰਕਾਮ ਦੇ ਐਕਸੀਅਨ ਵਿਜੈਪਾਲ ਸਿੰਘ ਦੀ ਅਗਵਾਈ ਵਿਚ ਕਈ ਟੀਮਾਂ ਬਿਜਲੀ ਸਪਲਾਈ ਬਹਾਲ ਕਰਨ ਲਈ ਜੀਅ-ਤੋੜ ਮਿਹਨਤ ਕਰਦੀਆਂ ਰਹੀਆਂ।
ਇੱਥੋਂ ਤਕ ਕਿ ਹਰੀਕੇ ਹੈੱਡ ਵਰਕਸ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਬਿਆਸ ਅਤੇ ਸਤਲੁਜ ਦਰਿਆਵਾਂ ਵਿਚ ਪਾਣੀ ਦੀ ਵਧੀ ਹੋਈ ਆਮਦ ਨੂੰ ਰਿਲੀਜ਼ ਕਰਨ ਵਿਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਿਜਲੀ ਸਪਲਾਈ ਦੀ ਬਹਾਲੀ ਵਿਚ ਦੇਰੀ ਹੋਣ ਕਾਰਨ ਬਾਅਦ ਦੁਪਹਿਰ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ।
ਇਸ ਤੋਂ ਇਲਾਵਾ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਮਰੜ੍ਹ ਦੇ ਕਿਸਾਨਾਂ ਜਸਵਿੰਦਰ ਸਿੰਘ, ਪ੍ਰਗਟ ਸਿੰਘ ਅਤੇ ਅਮਰਜੀਤ ਕੌਰ ਦੇ ਪਸ਼ੂਆਂ ਦੇ ਸ਼ੈੱਡ, ਘਰ ਦੀ ਛੱਤ ਅਤੇ ਚਾਰਦੀਵਾਰੀ ਦਾ ਭਾਰੀ ਨੁਕਸਾਨ ਹੋਇਆ। ਉਨ੍ਹਾਂ ਪੰਜਾਬ ਸਰਕਾਰ ਕੋਲ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਆਰਥਿਕ ਤੌਰ ’ਤੇ ਪ੍ਰਭਾਵਿਤ ਕਿਸਾਨਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਜਲਦ ਦਿੱਤਾ ਜਾਵੇ।
ਉੱਧਰ ਹਰੀਕੇ ਪੱਤਣ ਬਾਜ਼ਾਰ ਵਿਚ ਡਿੱਗੇ ਵੱਡੇ ਦਰੱਖਤਾਂ ਨੂੰ ਪਾਸੇ ਹਟਾਉਣ ਲਈ ਦੁਕਾਨਦਾਰਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਦਹਾਕਿਆਂ ਪੁਰਾਣੇ ਅਤੇ ਜੰਗਲਾਤ ਵਿਭਾਗ ਦੀ ਮਲਕੀਅਤ ਵਾਲੇ ਰੁੱਖਾਂ ਨੂੰ ਲੋਕਾਂ ਨੇ ਸੜਕਾਂ ਤੋਂ ਪਾਸੇ ਤਾਂ ਕਰ ਦਿੱਤਾ, ਪਰ ਕਾਨੂੰਨੀ ਕਾਰਵਾਈ ਦੇ ਡਰ ਕਾਰਨ ਉਹ ਖੁੱਲ੍ਹੇ ਆਸਮਾਨ ਹੇਠ ਦਰੱਖ਼ਤਾਂ ਦੀ ਰਾਖੀ ਕਰਦੇ ਵੀ ਨਜ਼ਰ ਆਏ।
ਕੁਲ ਮਿਲਾ ਕੇ ਆਮ ਜਨ ਜੀਵਨ ਨੂੰ ਮੁੜ ਲੀਹ ’ਤੇ ਲਿਆਉਣ ਲਈ ਹਰੇਕ ਵਿਭਾਗ ਨੂੰ ਆਉਣ ਵਾਲੇ ਕਈ ਦਿਨ ਭਾਰੀ ਮਿਹਨਤ ਕਰਨੀ ਪਵੇਗੀ। ਇਸੇ ਕਰਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸੰਯਮ ਬਣਾਈ ਰੱਖਣ ਦੇ ਨਾਲ-ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
-----
ਲੋਕ ਰੁੱਖ ਵੇਚਣ ਜਾਂ ਚੁਰਾਉਣ ਦੀ ਕੋਸ਼ਿਸ਼ ਨਾ ਕਰਨ : ਦਲਜੀਤ ਸਿੰਘ
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਜੰਗਲਾਤ ਵਿਭਾਗ ਦੇ ਗਾਰਡ ਦਲਜੀਤ ਸਿੰਘ ਨੇ ਕਿਹਾ ਕਿ ਵਿਭਾਗ ਦੇ ਜਿਹੜੇ ਦਰੱਖਤ ਡਿੱਗੇ ਹਨ, ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕ ਦਰੱਖ਼ਤਾਂ ਨੂੰ ਪਾਸੇ ਕਰਕੇ ਆਪਣਾ ਆਵਾਜਾਈ ਅਤੇ ਰੋਜ਼ਮਰ੍ਹਾ ਦਾ ਕੰਮਕਾਜ ਜਾਰੀ ਰੱਖਣ, ਪਰ ਦਰੱਖਤ ਚੁਰਾਉਣ ਜਾਂ ਵੇਚਣ ਦੀ ਕੋਸ਼ਿਸ਼ ਕਰਨ ਵਾਲਿਆਂ ’ਤੇ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਡਿੱਗੇ ਹੋਏ ਸਾਰੇ ਦਰੱਖਤ ਵਿਭਾਗ ਦੇ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।