ਅੰਡਰ-14 ਗ੍ਰੇਜ਼ੀਅਰ ਕ੍ਰਿਕਟ ਟੂਰਨਾਮੈਂਟ 2026 ਦਾ ਸ਼ਾਨਦਾਰ ਆਗਾਜ਼
ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ’ਚ ਅੰਡਰ-14 ਗ੍ਰੇਜ਼ੀਅਰ ਕ੍ਰਿਕਟ ਟੂਰਨਾਮੈਂਟ 2026 ਦਾ ਸ਼ਾਨਦਾਰ ਆਗਾਜ਼
Publish Date: Fri, 12 Jun 2026 06:06 PM (IST)
Updated Date: Sat, 13 Jun 2026 04:03 AM (IST)

ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ’ਚ ਅੰਡਰ-14 ਗ੍ਰੇਜ਼ੀਅਰ ਕ੍ਰਿਕਟ ਟੂਰਨਾਮੈਂਟ 2026 ਦਾ ਸ਼ਾਨਦਾਰ ਆਗਾਜ਼ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ਵਿਖੇ ਗ੍ਰੇਜ਼ੀਅਰ ਕ੍ਰਿਕਟ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਅੰਡਰ-14 ਗ੍ਰੇਜ਼ੀਅਰ ਕ੍ਰਿਕਟ ਟੂਰਨਾਮੈਂਟ 2026 ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਟੂਰਨਾਮੈਂਟ ਦੇ ਉਦਘਾਟਨੀ ਸਮਾਗਮ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਲਕੀਅਤ ਸਿੰਘ, ਡਾਇਰੈਕਟਰ ਮਨਮੀਤ ਸਿੰਘ ਅਤੇ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਦਿਆਂ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮਹਿਮਾਨਾਂ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਮੈਦਾਨ ਵਿਚ ਉਤਰਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਨੂੰ ਆਪਣੀ ਕਾਬਲੀਅਤ ਸਾਬਿਤ ਕਰਨ ਅਤੇ ਭਵਿੱਖ ਵਿਚ ਵੱਡੇ ਪੱਧਰ ‘ਤੇ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਦੇ ਹਨ। ਟੂਰਨਾਮੈਂਟ ਵਿਚ ਪੰਜਾਬ ਦੀਆਂ ਵੱਖ-ਵੱਖ ਪ੍ਰਸਿੱਧ ਕ੍ਰਿਕਟ ਅਕੈਡਮੀਆਂ ਅਤੇ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸਾਰੇ ਮੈਚ ਗ੍ਰੇਜ਼ੀਅਰ ਕ੍ਰਿਕਟ ਅਕੈਡਮੀ, ਕੈਂਬਰਿਜ ਇੰਟਰਨੈਸ਼ਨਲ ਸਕੂਲ ਪੱਟੀ ਦੇ ਖੇਡ ਮੈਦਾਨ ਵਿਚ ਖੇਡੇ ਜਾਣਗੇ। ਕੋਚ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ, ਇਸ ਟੂਰਨਾਮੈਂਟ ਲਈ ਖਿਡਾਰੀਆਂ ਅਤੇ ਕੋਚਾਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 8 ਜੂਨ ਨੂੰ ਜੀਸੀਏ ਪੱਟੀ ਅਤੇ ਬੀਡੀਐੱਸਏ ਡੇਰਾ ਸਾਹਿਬ ਵਿਚਾਲੇ ਖੇਡਿਆ ਗਿਆ। ਇਸ ਤੋਂ ਬਾਅਦ 9 ਜੂਨ ਨੂੰ ਆਈਪੀਸੀਏ ਅੰਮ੍ਰਿਤਸਰ ਅਤੇ ਹੀਟਰਸ ਜਲੰਧਰ ਦੀਆਂ ਟੀਮਾਂ ਆਮਨੇ-ਸਾਹਮਣੇ ਹੋਣਗੀਆਂ। 10 ਜੂਨ ਨੂੰ ਜੀਸੀਏ ਪੱਟੀ ਅਤੇ ਐੱਸਆਰਸੀਏ ਬਟਾਲਾ ‘ਬੀ’ ਵਿਚਾਲੇ ਮੁਕਾਬਲਾ ਹੋਵੇਗਾ, ਜਦਕਿ ਤਰਨਤਾਰਨ ਇਲੈਵਨ ਅਤੇ ਐੱਸਆਰਸੀਏ ਬਟਾਲਾ ‘ਏ’ ਦੀਆਂ ਟੀਮਾਂ ਵੀ ਆਪਸ ਵਿਚ ਭਿੜਣਗੀਆਂ। ਇਸੇ ਤਰ੍ਹਾਂ 13 ਜੂਨ ਨੂੰ ਸਪੋਰਟਸ ਕਲੱਬ ਜਲੰਧਰ ਦਾ ਮੁਕਾਬਲਾ ਮੋਗਾ ਟੀਮ ਨਾਲ ਅਤੇ ਆਰਕੇਸੀਏ ਤਰਨਤਾਰਨ ਦਾ ਵਾਈਸੀਏ ਜਲੰਧਰ ਨਾਲ ਹੋਵੇਗਾ। 14 ਜੂਨ ਨੂੰ ਏਸੀਏ ਅੰਮ੍ਰਿਤਸਰ ਅਤੇ ਵੀਬੀ ਅੰਮ੍ਰਿਤਸਰ ਵਿਚਾਲੇ ਮੈਚ ਖੇਡਿਆ ਜਾਵੇਗਾ, ਜਦਕਿ ਆਖ਼ਰੀ ਲੀਗ ਮੈਚ ਵੀਬੀ ਅੰਮ੍ਰਿਤਸਰ ਅਤੇ ਜੀਐੱਨਏ ਲੁਧਿਆਣਾ ਦਰਮਿਆਨ ਹੋਵੇਗਾ। ਟੂਰਨਾਮੈਂਟ ਵਿਚ ਪੰਜਾਬ ਦੇ ਨਾਮਵਰ ਕ੍ਰਿਕਟ ਕੋਚਾਂ ਅਜੈ ਜੋਸ਼ੀ ਜਲੰਧਰ, ਵਿਕਾਸ ਯਾਦਵ ਜਲੰਧਰ, ਦੀਪਕ ਅੰਮ੍ਰਿਤਸਰ, ਸੂਰਜ ਅੰਮ੍ਰਿਤਸਰ, ਰਾਜਕੁਮਾਰ ਤਰਨਤਾਰਨ, ਸਜਵੰਤ ਸਿੰਘ ਬਟਾਲਾ, ਮਿੱਟਾ ਜਲੰਧਰ, ਰਾਜੇਸ਼ ਸ਼ਰਮਾ ਲੁਧਿਆਣਾ, ਬੇਅੰਤ ਸਿੰਘ ਮੋਗਾ ਅਤੇ ਮਨਦੀਪ ਸਿੰਘ ਤਰਨਤਾਰਨ ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਉੱਚ ਪੱਧਰੀ ਮੁਕਾਬਲਿਆਂ ਦਾ ਤਜ਼ਰਬਾ ਦੇਣਾ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨਾ ਹੈ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 21 ਹਜ਼ਾਰ ਨਕਦ ਇਨਾਮ ਅਤੇ ਟਰਾਫੀ, ਜਦਕਿ ਉਪ-ਜੇਤੂ ਟੀਮ ਨੂੰ 11 ਹਜ਼ਾਰ ਨਕਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਸਕੂਲ ਪ੍ਰਬੰਧਨ ਅਤੇ ਗ੍ਰੇਜ਼ੀਅਰ ਕ੍ਰਿਕਟ ਅਕੈਡਮੀ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ।