- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ਜ਼ਿਲ੍ਹੇ ’ਚ ਕਈ ਥਾਂਈ ਤਬਾਹੀ ਦੇ ਨਿਸ਼ਾਨ ਛੱਡ ਗਿਆ ਚੰਦ ਮਿਨਟਾਂ ਦਾ ਤੁਫਾਨ

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ,
ਤਰਨਤਾਰਨ : ਵੀਰਵਾਰ ਦੀ ਸ਼ਾਮ ਨੂੰ ਆਏ ਤੇਜ਼ ਤੂਫਾਨ ਅਤੇ ਹਨੇਰੀ ਨੇ ਕੁਝ ਹੀ ਮਿੰਟਾਂ ਵਿਚ ਤਰਨਤਾਰਨ ਜ਼ਿਲ੍ਹੇ ਦੇ ਕਈ ਇਲਾਕਿਆਂ ਅੰਦਰ ਤਬਾਹੀ ਦੇ ਨਿਸ਼ਾਨ ਛੱਡ ਦਿੱਤੇ ਹਨ। ਤੇਜ਼ ਹਵਾਵਾਂ ਅਤੇ ਧੂੜ ਭਰੀ ਹਨੇਰੀ ਕਾਰਨ ਜਿੱਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਉੱਥੇ ਹੀ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿਚ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਤੂਫਾਨ ਕਾਰਨ ਕਈ ਥਾਵਾਂ ’ਤੇ ਪਸ਼ੂਆਂ ਲਈ ਬਣਾਏ ਗਏ ਸ਼ੈੱਡ ਢਹਿ ਹੋ ਗਏ ਜਾਂ ਹਵਾ ਵਿਚ ਉੱਡ ਗਏ, ਦਰਜਨਾਂ ਰੁੱਖ ਜੜ੍ਹਾਂ ਤੋਂ ਪੁੱਟੇ ਗਏ ਅਤੇ ਬਿਜਲੀ ਦੇ ਖੰਭਿਆਂ ਤੇ ਤਾਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ।
--------
ਤਾਸ਼ ਦੇ ਪੱਤਿਆਂ ਵਾਂਗ ਉੱਡ ਗਏ ਪਸ਼ੂਆਂ ਲਈ ਬਣਾਏ ਸ਼ੈੱਡ
ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਪਸ਼ੂ ਪਾਲਕਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ। ਤੇਜ਼ ਹਵਾਵਾਂ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੀਨਾ ਅਤੇ ਲੋਹੇ ਦੇ ਐਂਗਲਾਂ ਨਾਲ ਬਣਾਏ ਗਏ ਪਸ਼ੂਆਂ ਦੇ ਸ਼ੈੱਡ ਤਾਸ਼ ਦੇ ਪੱਤਿਆਂ ਵਾਂਗ ਉੱਡ ਗਏ। ਕਈ ਥਾਵਾਂ ’ਤੇ ਸ਼ੈੱਡਾਂ ਦੀਆਂ ਛੱਤਾਂ ਉੱਖੜ ਕੇ ਦੂਰ ਜਾ ਡਿੱਗੀਆਂ, ਜਦੋਂਕਿ ਕੁਝ ਸ਼ੈੱਡ ਦੀਆਂ ਕੰਧਾਂ ਵੀ ਪੂਰੀ ਤਰ੍ਹਾਂ ਢਹਿ ਗਈਆਂ। ਕਿਸਾਨਾਂ ਅਨੁਸਾਰ ਸ਼ੈੱਡਾਂ ਦੇ ਨੁਕਸਾਨ ਕਾਰਨ ਪਸ਼ੂਆਂ ਨੂੰ ਖੁੱਲ੍ਹੇ ਅਸਮਾਨ ਹੇਠਾਂ ਰੱਖਣਾ ਪਿਆ, ਜਿਸ ਨਾਲ ਉਨ੍ਹਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਪਸ਼ੂ ਵੀ ਮਾਮੂਲੀ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜਦੋਂਕਿ ਮੁੜ ਲੱਖਾਂ ਰੁਪਏ ਦੀ ਉਸਾਰੀ ਕਰਨ ਦਾ ਵੱਖਰਾ ਬੋਝ ਲੋਕਾਂ ਦੇ ਸਿਰ ’ਤੇ ਆ ਪਿਆ ਹੈ।
----------
ਜੜ੍ਹਾਂ ਤੋਂ ਪੁੱਟੇ ਗਏ ਰੁੱਖ, ਆਵਾਜਾਈ ਹੋਈ ਪ੍ਰਭਾਵਿਤ
ਤੂਫਾਨ ਦੀ ਮਾਰ ਸਿਰਫ਼ ਘਰਾਂ ਅਤੇ ਸ਼ੈੱਡਾਂ ਤਕ ਹੀ ਸੀਮਤ ਨਹੀਂ ਰਹੀ। ਜ਼ਿਲ੍ਹੇ ਦੇ ਵੱਖ-ਵੱਖ ਮਾਰਗਾਂ ਅਤੇ ਪਿੰਡਾਂ ’ਚ ਵੱਡੀ ਗਿਣਤੀ ਰੁੱਖ ਜੜ੍ਹਾਂ ਸਮੇਤ ਪੁੱਟੇ ਗਏ ਅਤੇ ਸੜਕਾਂ ’ਤੇ ਡਿੱਗ ਪਏ। ਕਈ ਥਾਵਾਂ ’ਤੇ ਸੜਕਾਂ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਰਾਹ ਬਦਲ ਕੇ ਜਾਣਾ ਪਿਆ। ਰੁੱਖ ਡਿੱਗਣ ਕਾਰਨ ਕੁਝ ਵਾਹਨਾਂ ਨੂੰ ਵੀ ਨੁਕਸਾਨ ਪੁੱਜਣ ਦੀ ਜਾਣਕਾਰੀ ਮਿਲੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਤੂਫਾਨ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲਾਂ ਪੁਰਾਣੇ ਅਤੇ ਮਜ਼ਬੂਤ ਰੁੱਖ ਵੀ ਧਰਤੀ ’ਤੇ ਆ ਡਿੱਗੇ।
---------
ਬਿਜਲੀ ਦੇ ਖੰਭਿਆਂ ਤੇ ਤਾਰਾਂ ਨੂੰ ਪੁੱਜਾ ਨੁਕਸਾਨ
ਤੇਜ਼ ਹਵਾਵਾਂ ਕਾਰਨ ਬਿਜਲੀ ਵਿਭਾਗ ਦੇ ਢਾਂਚੇ ਨੂੰ ਵੀ ਕਾਫ਼ੀ ਨੁਕਸਾਨ ਹੋਇਆ। ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਟੇਢੇ ਹੋ ਗਏ ਜਾਂ ਟੁੱਟ ਕੇ ਡਿੱਗ ਪਏ, ਜਦਕਿ ਬਿਜਲੀ ਦੀਆਂ ਤਾਰਾਂ ਵੀ ਕਈ ਥਾਵਾਂ ਤੋਂ ਟੁੱਟ ਗਈਆਂ। ਇਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਲੋਕਾਂ ਨੂੰ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ, ਪਰ ਨੁਕਸਾਨ ਜ਼ਿਆਦਾ ਹੋਣ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਬਹਾਲ ਕਰਨ ਵਿਚ ਸਮਾਂ ਲੱਗਾ। ਜੇਈ ਮਨਜੀਤ ਸਿੰਘ ਦੀ ਅਗਵਾਈ ਹੇਠ ਜਗਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਵਿਜੇ, ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ ਤੇ ਅਧਾਰਿਤ ਟੀਮ ਦੇਰ ਰਾਤ ਤਕ ਬਿਜਲੀ ਸਪਲਾਈ ਬਹਾਲ ਕਰਨ ਵਿਚ ਜੁਟੀ ਰਹੀ।
----
ਕਈ ਇਲਾਕਿਆਂ ’ਚ ਰਾਤ ਭਰ ਛਾਇਆ ਰਿਹਾ ਹਨੇਰਾ
ਤੂਫਾਨ ਤੋਂ ਬਾਅਦ ਜ਼ਿਲ੍ਹੇ ਦੇ ਕਈ ਪਿੰਡਾਂ ਅਤੇ ਕੁਝ ਸ਼ਹਿਰੀ ਇਲਾਕਿਆਂ ਵਿਚ ਰਾਤ ਭਰ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਗਰਮੀ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਵਧੇਰੇ ਮੁਸ਼ਕਲਾਂ ਆਈਆਂ। ਲੋਕਾਂ ਨੇ ਰਾਤ ਮੋਬਾਈਲ ਫੋਨਾਂ ਦੀਆਂ ਲਾਈਟਾਂ ਅਤੇ ਐਮਰਜੈਂਸੀ ਲਾਈਟਾਂ ਦੇ ਸਹਾਰੇ ਗੁਜ਼ਾਰੀ। ਬਿਜਲੀ ਵਿਭਾਗ ਦੇ ਕਰਮਚਾਰੀ ਦੇਰ ਰਾਤ ਤਕ ਵੱਖ-ਵੱਖ ਥਾਵਾਂ ’ਤੇ ਬਿਜਲੀ ਲਾਈਨਾਂ ਨੂੰ ਠੀਕ ਕਰਨ ਵਿਚ ਜੁਟੇ ਰਹੇ।
--------
ਤੂਫਾਨ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਉੱਠਣ ਲੱਗੀ ਮੰਗ
ਤਰਨਤਾਰਨ ਜ਼ਿਲ੍ਹੇ ਵਿਚ ਤੂਫਾਨ ਨਾਲ ਹੋਏ ਨੁਕਸਾਨ ਨੂੰ ਲੈ ਕੇ ਵੱਖ-ਵੱਖ ਜਨਤਕ ਤੇ ਕਿਸਾਨ ਆਗੂਆਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਤੂਫਾਨ ਕਾਰਨ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਕੁਝ ਮਿੰਟਾਂ ਦੇ ਇਸ ਤੂਫਾਨ ਨੇ ਕਈ ਪਰਿਵਾਰਾਂ ਦੀ ਮਹੀਨਿਆਂ ਦੀ ਮਿਹਨਤ ਅਤੇ ਕਮਾਈ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਦੀ ਭਰਪਾਈ ਲਈ ਸਰਕਾਰੀ ਮਦਦ ਬਹੁਤ ਜ਼ਰੂਰੀ ਹੈ।