- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਟਕਾਰੇ : ਕੰਨੀ ਦੇਖਿਆ, ਅੱਖੀ ਸੁਣਿਆ

ਮਾਮਲਾ ਗਰਮ ਏ: ਬਰਨਾਲੇ ਆਲੇ ਸਾਹ ਨਹੀਂ ਲੈਣ ਦਿੰਦੇ!
ਲੈ ਬਈ ਰੱਬਾ! ਬਰਨਾਲੇ ਤਾਂ ਹੁਣ ਉਹ ਹਿਸਾਬ ਹੋ ਗਿਆ ਕਿ ਕੋਈ ਭੱਜ ਕੇ ਜਾਵੇ ਵੀ ਤਾਂ ਕਿੱਥੇ ਜਾਵੇ! ਲੋਕਾਂ ਨੇ ਤਾਂ ਮੈਡੀਕਲ ਨਸ਼ੇ ਛੱਡਣੇ ਸੀ, ਉੱਥੇ ਤਾਂ ਵੱਡੇ ਸਾਹਿਬ ਕਲੈਕਟਰ ਨੇ ਖਾਕੀ ਆਲਿਆਂ ਨੂੰ ਨਾਲ ਲੈ ਕੇ ਐਸੀ 'ਧੂੜ ਧਾਣੀ' ਕੀਤੀ ਪਈ ਆ ਕਿ ਡਰੱਗ ਇੰਸਪੈਕਟਰਾਂ ਦੀਆਂ 'ਲੱਤਾਂ ਹੇਠੋਂ ਜ਼ਮੀਨ ਖਿਸਕੀ' ਫਿਰਦੀ ਆ। ਮੈਡੀਕਲ ਸਟੋਰ ਆਲਿਆਂ ਦੀਆਂ ਗਲੂਕੋਜ਼ ਦੀਆਂ ਬੋਤਲਾਂ ਤੱਕ ਜ਼ਬਤ ਕਰ ਲਈਆਂ, ਜਿਵੇਂ ਕਹਿੰਦੇ ਹੁੰਦੇ ਆ ਘੜੇ ਨੂੰ ਹੱਥ ਲਾਇਆ, ਤੰਦੂਰ ਤੱਕ ਛਾਣ ਮਾਰਿਆ! ਕਲੈਕਟਰ ਸਾਹਿਬ ਆਪ 'ਕਮਰ ਕੱਸੇ' ਕਰਕੇ ਜਲੂਰ ਦੇ ਖੇਤਾਂ 'ਚ ਗੇੜੇ ਲਾਉਂਦੇ ਫਿਰਦੇ ਆ। ਉਹਨਾਂ ਨੇ ਤਾਂ ਇੰਸਪੈਕਟਰਾਂ ਦੇ ਮਗਰ ਐਂ 'ਹੱਥ-ਧੋ ਕੇ ਪੈਣਾ' ਕੀਤਾ ਏ ਕਿ ਚੋਰ ਨੂੰ ਪੈ ਗਏ ਸਾਧ! ਸਿੱਧੀ ਗੱਲ ਠੋਕ ਦਿੱਤੀ ਆ ਕਿ ਮੇਰੇ ਜ਼ਿਲ੍ਹੇ 'ਚ ਨਸ਼ਾ ਵਿਕਿਆ ਤਾਂ ਸਮਝੋ ਤੁਹਾਡੀ ਖੈਰ ਨਹੀਂ! ਹੁਣ ਤਾਂ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਵਾਲੀ ਮੁਹਿੰਮ ਨੂੰ ਧੂੜਾਂ ਪੱਟ ਕੇ ਸਿਖਰਾਂ 'ਤੇ ਪਹੁੰਚਾ ਦਿੱਤਾ ਏ, ਹੁਣ ਤਾਂ ਬੱਸ ਸੱਪ ਦੇ ਮੂੰਹ 'ਚ ਕੋੜ੍ਹਕਿਰਲੀ ਆਲਾ ਹਾਲ ਏ ਨਸ਼ੇੜੀਆਂ ਤੇ ਚੋਰਾਂ ਦਾ!
ਝਾੜੂ ਦੀਆਂ ਤੀਲਾਂ ਹੋਈਆਂ ਸਵਾਹ, ਝੋਟੇ ਦੀ ਲਾਟ ਅਜੇ ਵੀ ਲਟ-ਲਟ ਬਲੇ!
ਮਾਨਸਾ ਵਾਲੇ ਪਰਵਿੰਦਰ ਝੋਟੇ ਦੀ ਆਵਾਜ਼ ਨੂੰ ਗੋਲੀਆਂ ਨਾਲ ਦਬਾਉਣ ਵਾਲੇ ਸਮਝਦੇ ਸੀ ਕਿ ਕਹਾਣੀ ਖ਼ਤਮ ਹੋ ਗਈ, ਪਰ ਇੱਥੇ ਤਾਂ ਖੇਡ ਹੁਣੇ ਸ਼ੁਰੂ ਹੋਈ ਹੈ! ਸਰਕਾਰ ਅਖੇ 'ਅਰਥੀ ਨੂੰ ਲਾਂਬੂ ਲਾ ਦਿਓ' ਪਰ ਅੱਗੋਂ ਲੋਕਾਂ ਨੇ ਪ੍ਰਸ਼ਾਸਨ ਦਾ ਹੁਕਮ ਛਾਂਟ ਕੇ ਪਰ੍ਹਾਂ ਮਾਰਿਆ ਤੇ ਐਕਸ਼ਨ ਕਮੇਟੀ ਦੇ ਇੱਕੋ ਹੋਕੇ 'ਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਸਰਕਾਰ ਦੇ ਚੋਣ ਨਿਸ਼ਾਨ 'ਝਾੜੂ' ਦੀਆਂ ਹੀ ਧੂੜਾਂ ਅੱਗ ਲਾ ਕੇ ਉਡਾ ਦਿੱਤੀਆਂ। ਉੱਧਰੋਂ ਚੋਣ ਜਾਬਤਾ ਬਾਵਰੋਲੇ ਵਾਂਗ ਸਿਰ 'ਤੇ ਭੱਜਿਆ ਆ ਰਿਹਾ ਹੈ, ਤੇ ਝਾੜੂ ਨੂੰ ਲੱਗੀ ਇਸ ਅੱਗ ਨੇ ਵਿਰੋਧੀਆਂ ਦੀਆਂ ਮੁੱਛਾਂ ਨੂੰ ਵੱਟ ਚੜ੍ਹਾ ਦਿੱਤੇ ਨੇ। ਮਾਨਸਾ ਦਾ ਮੋਰਚਾ ਹੁਣ ਉਹ 'ਗਲੇ ਦੀ ਹੱਡੀ' ਬਣ ਚੁੱਕਾ ਹੈ ਜੋ ਨਾ ਲੰਘਾਇਆਂ ਲੰਘੇ, ਨਾ ਉਗਲਾਇਆਂ ਉਗਲੇ! ਗੁਆਂਢੀ ਸੂਬਿਆਂ ਦੇ ਕਿਸਾਨ ਆਗੂ ਤੇ ਗਾਇਕ-ਕਲਾਕਾਰ ਵੀ ਮੰਚ 'ਤੇ ਆ ਕੇ ਅਜਿਹੇ ਲਲਕਾਰੇ ਮਾਰ ਰਹੇ ਨੇ ਕਿ ਸੱਤਾਧਾਰੀਆਂ ਦੀਆਂ ਤਲੀਆਂ 'ਤੇ ਪਰ੍ਹੋਂ ਆਉਂਦੀ ਦੀਹਦੀ ਹੈ। ਹੁਣ ਤਾਂ ਸਰਕਾਰ ਦਾ ਉਹ ਹਾਲ ਹੈ 'ਗਿੱਦੜ ਦੀ ਆਈ ਮੌਤ, ਤਾਂ ਭੱਜੇ ਸ਼ਹਿਰ ਵੱਲ,!
: ਸਿਆਸਤ ਦੀਆਂ 'ਲੱਡੂ-ਛਣਕਾਣੇ' ਵਾਲੀਆਂ ਪੀਂਘਾਂ ਤੇ ਅਸਲ ਕਹਾਣੀ!
“ਕੱਲ੍ਹ ਦੀ ਗੱਲ ਐ, ਨੇਤਾ ਜੀ ਨੇ ਨਵੇਂ ਵਰ੍ਹੇ ਦੇ ਮਾਣ 'ਚ 'ਸਿੱਖਿਆ ਕ੍ਰਾਂਤੀ' ਦਾ ਬਿਗੁੱਲ ਵਜਾਇਆ। ਲੱਡੂ ਵੰਡੇ, ਭੰਗੜੇ ਪਏ, ਤੇ ਪੁਰਾਣੇ ਸਕੂਲ ਦੀ ਨੁਹਾਰ ਬਦਲਣ ਲਈ 307 ਲੱਖ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਐਂ ਰੱਖਿਆ ਜਿਵੇਂ ਕੱਲ੍ਹ ਨੂੰ ਕਿਲ੍ਹਾ ਹੀ ਉਸਰ ਜਾਣਾ ਹੋਵੇ! ਪਰ ਅਸਲ ਵਿੱਚ ਇਹ 'ਕ੍ਰਾਂਤੀ' ਸਿਰਫ਼ ਫੋਟੋਆਂ ਤੱਕ ਹੀ ਸੀਮਤ ਰਹੀ। ਉਦਘਾਟਨ ਤੋਂ ਦੋ ਦਿਨ ਬਾਅਦ ਹੀ ਜੇਸੀਬੀ ਮਸ਼ੀਨਾਂ ਆਈਆਂ ਤੇ ਪੰਜ ਫੁੱਟ ਡੂੰਘੇ ਵੱਡੇ ਚੌੜੇ ਲੰਮੇਂ ਟੋਏ ਪੁੱਟ ਕੇ ਐਂ ਗਾਇਬ ਹੋਈਆਂ ਕਿ ਮੁੜ ਕੇ ਮੂੰਹ ਵੀ ਨਹੀਂ ਦਿਖਾਇਆ। ਦੱਸ ਮਹੀਨੇ ਬੀਤ ਗਏ, ਨਾ ਉਹ ਇਮਾਰਤ ਦੀ ਇੱਕ ਇੱਟ ਲੱਗੀ ਤੇ ਨਾ ਹੀ ਬੱਚੇ ਕਦੇ ਗਰਾਊਂਡ ਵਿੱਚ ਖੇਡ ਸਕੇ। ਉਨ੍ਹਾਂ ਦੇ ਹਿੱਸੇ ਤਾਂ ਸਿਰਫ਼ ਉੱਜੜੇ ਹੋਏ ਟੋਏ ਹੀ ਆਏ। ਜਦੋਂ ਲੋਕਾਂ ਨੇ 'ਪੰਡ ਘੋਖੀ' ਵਿਭਾਗ ਨਾਲ ਰਾਬਤਾ ਕੀਤਾ, ਤਾਂ ਪਤਾ ਲੱਗਾ ਕਿ ਕਰੋੜਾਂ ਦੀ ਰਕਮ ਤਾਂ ਸਰਕਾਰ ਦੇ ਖ਼ਜ਼ਾਨੇ ਵਿੱਚ ਵਾਪਸ ਮੁੜ ਗਈ ਹੈ! ਹੁਣ ਹਾਲਤ ਇਹ ਹੈ ਕਿ ਟੋਏ ਭਰਨ ਦਾ ਖ਼ਰਚਾ ਵੀ ਵਿਚਾਰੀ ਸਕੂਲ ਕਮੇਟੀ ਨੂੰ ਆਪਣੇ ਪੱਲੇਓਂ ਹੀ ਕਰਨਾ ਪੈਣਾ ਐ। ਸੱਚੀਂ ਗੱਲ ਐ ਉਸ ਦਿਨ ਨੇਤਾ ਜੀ ਦੇ ਉਦਘਾਟਨ 'ਤੇ ਜਿਹੜੇ ਲੱਡੂਆਂ ਨਾਲ ਮੂੰਹ ਮਿੱਠੇ ਕੀਤੇ ਸੀ, ਅੱਜ ਸਕੂਲ ਦੇ ਮੁਖੀ ਤੇ ਵੱਡੇ ਅਧਿਕਾਰੀ ਉਹਨਾਂ ਨੂੰ ਯਾਦ ਕਰਕੇ ਆਪਣੇ ਹੱਥ ਮਲਦੇ ਫਿਰਦੇ ਨੇ, ਕਿਉਂਕਿ 'ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ' ਵਾਲੀ ਕਹਾਵਤ ਇੱਥੇ ਪੂਰੀ ਸੱਚ ਸਾਬਤ ਹੋ ਗਈ ਐ!
ਪੇਸ਼ਕਸ਼ : ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ