- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਹੋਇਆ ਬੇਸੁੱਧ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਦਾ ਨੌਜਵਾਨ ਸ਼ਗਨਪ੍ਰੀਤ ਸਿੰਘ ਨਸ਼ੇ ਦੀ ਓਵਰਡੋਜ਼ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਵੀਰਵਾਰ ਨੂੰ ਸ਼ਗਨਪ੍ਰੀਤ ਇੱਕ ਖੇਤ ਵਿੱਚ ਬੇਸੁੱਧ ਪਾਇਆ ਗਿਆ, ਇਸ ਤੋਂ ਬਾਅਦ ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਰਪ੍ਰੀਤ ਸਿੰਘ ਤੋਲਾਵਾਲ ਤੁਰੰਤ ਪਹੁੰਚੇ। ਉਸਨੂੰ ਗੰਭੀਰ ਹਾਲਤ ਵਿੱਚ ਸੁਨਾਮ ਸਿਵਲ ਹਸਪਤਾਲ ਲਿਜਾਇਆ ਗਿਆ। ਮੋਹਨਜੀਤ ਸਿੰਘ ਸ਼ੇਰੋਂ ਨੇ ਦੱਸਿਆ ਕਿ ਸੁਨਾਮ ਹਸਪਤਾਲ ਵਿੱਚ ਦਿਮਾਗੀ ਡਾਕਟਰ ਦੀ ਘਾਟ ਕਾਰਨ, ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਸ਼ਗਨਪ੍ਰੀਤ ਸਿੰਘ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ, ਅਤੇ ਉਸਦੀ ਭੈਣ ਦਾ ਕੁਝ ਦਿਨਾਂ ਵਿੱਚ ਵਿਆਹ ਹੈ। ਉਸਦੇ ਪਿਤਾ, ਮੁਖਤਿਆਰ ਸਿੰਘ, ਇੱਕ ਮਜ਼ਦੂਰ ਵਜੋਂ ਕੰਮ ਕਰਦੇ ਹਨ। ਦੱਸ ਦੇਈਏ ਕਿ ਪਿਛਲੇ ਹਫ਼ਤੇ ਹੀ, ਪਿੰਡ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਮੰਤਰੀ ਅਮਨ ਅਰੋੜਾ ਤੋਂ ਨਸ਼ੇ ਦੀ ਦੁਰਵਰਤੋਂ ਬਾਰੇ ਸਵਾਲ ਪੁੱਛੇ ਸਨ, ਅਤੇ ਕੁਝ ਦਿਨਾਂ ਬਾਅਦ ਹੀ, ਇਹ ਗੰਭੀਰ ਮੁੱਦਾ ਸਾਹਮਣੇ ਆਇਆ ਹੈ।
ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਰਪ੍ਰੀਤ ਸਿੰਘ ਨੇ ਤੰਜ ਕਸਦਿਆਂ ਕਿਹਾ ਕਿ ਇਹ ਰੀਲ (ਫਿਲਮ) ਨਹੀਂ ਸਗੋਂ ਅਸਲ (ਜ਼ਮੀਨੀ ਹਕੀਕਤ) ਹੈ। ਹਰ ਪਿੰਡ ਵਿੱਚ ਇਸੇ ਤਰ੍ਹਾਂ ਦੇ ਨਾਜ਼ੁਕ ਹਾਲਾਤ ਹਨ, ਅਤੇ ਸਰਕਾਰ ਇਸ ਸੱਚਾਈ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਅਪੀਲ ਕੀਤੀ। ਉਹ ਪੰਜਾਬ ਦੇ ਪੀੜਤ ਹਨ, ਅਤੇ ਇਸ ਵਿੱਚ ਕੋਈ ਦੁਸ਼ਮਣੀ, ਜਾਤ, ਧਰਮ ਜਾਂ ਰਾਜਨੀਤੀ ਸ਼ਾਮਲ ਨਹੀਂ ਹੈ। ਪੰਜਾਬ ਇੱਕ ਬਹੁਤ ਹੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਅਤੇ ਇਸ ਦਰਦ ਨੂੰ ਹੁਣ ਲੁਕਾਇਆ ਨਹੀਂ ਜਾ ਸਕਦਾ।
--------
ਵਿਨਰਜੀਤ ਗੋਲਡੀ ਨੇ ਮੰਤਰੀ ਅਮਨ ਅਰੋੜਾ ਨੂੰ ਘੇਰਿਆ
ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਨਸ਼ੇ ਦੀ ਹਾਲਤ ਵਿੱਚ ਬੇਸੁੱਧ ਹੋਏ ਇੱਕ ਨੌਜਵਾਨ ਦਾ ਮੁੱਦਾ ਚੁੱਕਦਿਆਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ’ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਿਹੰਗ ਸਿੰਘ ਗੁਰਪ੍ਰੀਤ ਸਿੰਘ ਗੋਲਡੀ ਵੱਲੋਂ ਤੋਲਾਵਾਲ ਵਿਖੇ ਨਸ਼ੇ ਦੇ ਮੁੱਦੇ ’ਤੇ ਮੰਤਰੀ ਅਮਨ ਅਰੋੜਾ ਨੂੰ ਸਵਾਲ ਕੀਤਾ ਗਿਆ ਸੀ, ਜਿਸ ’ਤੇ ਮੰਤਰੀ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਇਹ ਸਿਰਫ਼ 'ਰੀਲ' ਬਣਾਉਣ ਜਾਂ ਰੀਲਾਂ ਦਾ ਮਸਲਾ ਸੀ ਅਤੇ ਨਸ਼ੇ ਦਾ ਕੋਈ ਮੁੱਦਾ ਨਹੀਂ ਹੈ। ਗੋਲਡੀ ਨੇ ਤੰਜ ਕਸਦਿਆਂ ਕਿਹਾ ਕਿ ਇਹ ਮਾਮਲਾ ਉਸੇ ਪਿੰਡ ਦਾ ਹੈ ਜਿੱਥੇ ਮੰਤਰੀ ਨੂੰ ਸਵਾਲ ਪੁੱਛਿਆ ਗਿਆ ਸੀ, ਅਤੇ ਹੁਣ ਲੋਕ ਖੁਦ ਪੁੱਛ ਰਹੇ ਹਨ ਕਿ ਹਰ ਮੋੜ ’ਤੇ ਨਸ਼ਾ ਵਿਕਣ ਦੀ ਗੱਲ ਸੱਚ ਹੈ ਜਾਂ ਰੀਲਾਂ ਦੀ ਹੈ।