ਈਥਾਨੋਲ ਫੈਕਟਰੀ ਵਿਰੁੱਧ ਨੌਜਵਾਨਾਂ ਵੱਲੋਂ ਪਿੰਡਾਂ ਅੰਦਰ ਮਾਰਚ ਈਥਾਨੋਲ ਫੈਕਟਰੀ ਵਿਰੁੱਧ ਨੌਜਵਾਨਾਂ ਵੱਲੋਂ ਪਿੰਡਾਂ ਅੰਦਰ ਮਾਰਚ
Publish Date: Sun, 23 Aug 2026 06:10 PM (IST)
Updated Date: Mon, 24 Aug 2026 04:03 AM (IST)
ਮਾਮਲਾ: ਫੈਕਟਰੀ ਵੱਲੋਂ ਗੰਦਾ ਪਾਣੀ ਧਰਤੀ ਹੇਠਾਂ ਪਾਉਣ ਦਾ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਜਹਾਂਗੀਰ ਨੇੜੇ ਸਥਿਤ ਈਥਾਨੌਲ ਦੀ ਫੈਕਟਰੀ ਕਾਰਨ ਹਵਾ ਅਤੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਣ ਦੇ ਰੋਸ ਵਜੋਂ ਐਤਵਾਰ ਨੂੰ ਇਲਾਕੇ ਦੇ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਵੱਖ-ਵੱਖ ਪਿੰਡਾਂ ਅੰਦਰ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਰੋਸ ਮਾਰਚ ਕੀਤਾ ਅਤੇ ਫੈਕਟਰੀ ਨੂੰ ਬੰਦ ਕਰਾਉਣ ਦੀ ਜ਼ੋਰਦਾਰ ਆਵਾਜ਼ ਉਠਾਈ। ਪਿੰਡ ਘਨੌਰ ਕਲਾਂ ਦੇ ਗੁਰਦੁਆਰਾ ਭਾਗ ਸਾਹਿਬ ਤੋਂ ਅਰਦਾਸ ਕਰਵਾ ਕੇ ਸ਼ੁਰੂ ਹੋਇਆ ਇਹ ਮੋਟਰਸਾਈਕਲ ਮਾਰਚ ਘਨੌਰ ਖੁਰਦ, ਹਥਨ, ਬਮਾਲ, ਜਹਾਂਗੀਰ, ਕਹੇਰੂ, ਘਨੌਰੀ ਕਲਾਂ, ਘਨੌਰੀ ਖੁਰਦ, ਸਲੇਮਪੁਰ, ਦੀਦਾਰਗੜ੍ਹ,ਕਾਲਾ ਬੂਲਾ ਆਦਿ ਪਿੰਡਾਂ ਅੰਦਰ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿਨੈਪਾਲ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾਬੂਲਾ ਅਤੇ ਸਰਪੰਚ ਰਿਖੀ ਜਹਾਂਗੀਰ ਨੇ ਕਿਹਾ ਕਿ ਫੈਕਟਰੀ ਕਾਰਨ ਸੰਭਾਵਿਤ ਪ੍ਰਦੂਸ਼ਣ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਤੋਂ ਪੈਦਾ ਹੁੰਦੀ ਗੰਦੀ ਬਦਬੂ ਜਿੱਥੇ ਸਾਫ ਹਵਾ ਨੂੰ ਪਲੀਤ ਕਰ ਰਹੀ ਹੈ ਉੱਥੇ ਫੈਕਟਰੀ ਦਾ ਗੰਦਾ ਪਾਣੀ ਧਰਤੀ ਵਿੱਚ ਪਾਏ ਜਾਣ ਕਾਰਨ ਇਲਾਕੇ ਦੀਆਂ ਮੋਟਰਾਂ ਦੇ ਚਲਾਉਣ ਸਮੇਂ ਕਾਲਾ ਸੋਰਾ ਆ ਰਿਹਾ ਹੈ। ਜੇਕਰ ਅਸੀਂ ਅਜਿਹੇ ਪਾਣੀ ਦੀ ਵਰਤੋਂ ਕਰਾਂਗੇ ਤਾਂ ਉਸ ਨਾਲ ਜਿੱਥੇ ਅਸੀਂ ਕੈਂਸਰ, ਕਾਲਾ ਪੀਲੀਆ ਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਜਾਵਾਂਗੇ,ਉੱਥੇ ਇਸ ਤਰ੍ਹਾਂ ਦਾ ਪਾਣੀ ਫਸਲਾਂ ਲਈ ਵੀ ਹਾਨੀਕਾਰਕ ਸਾਬਤ ਹੋਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਪਿਛਲੇ ਦਿਨੀ ਫੈਕਟਰੀ ਦੇ ਪਾਣੀ ਦੀ ਜਾਂਚ ਕਰਨ ਆਏ ਅਧਿਕਾਰੀ ਵੀ ਇੱਕ ਖਾਨਾ ਪੂਰਤੀ ਕਰਕੇ ਚਲੇ ਗਏ। ਲੋਕਾਂ ਨੇ ਮੰਗ ਕੀਤੀ ਕਿ ਇਲਾਕੇ ਵਿੱਚ ਹਵਾ ਅਤੇ ਪਾਣੀ ਦੇ ਨਮੂਨੇ ਲੈ ਕੇ ਉਨ੍ਹਾਂ ਦੀ ਵਿਗਿਆਨਕ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਤੱਥ ਲੋਕਾਂ ਸਾਹਮਣੇ ਲਿਆਂਦੇ ਜਾਣ ਅਤੇ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ। ਦੂਜੇ ਪਾਸੇ ਫੈਕਟਰੀ ਦੇ ਪ੍ਰਬੰਧਕ ਪਹਿਲਾਂ ਹੀ ਲੋਕਾਂ ਵੱਲੋਂ ਲਗਾਏ ਜਾ ਰਹੇ ਦੋਸਾਂ ਨੂੰ ਨਕਾਰ ਚੁੱਕੇ ਹਨ। ਇਸ ਮੌਕੇ ਅਮਨਦੀਪ ਘਨੌਰੀ, ਹਰਕੋਮਲ ਸਿੰਘ ਬਮਾਲ, ਗੁਰਸੇਵਕ ਸਿੰਘ ਘਨੌਰ, ਗੁਰਪ੍ਰੀਤ ਸਿੰਘ ਘਨੌਰ ਕਲਾਂ, ਜਸਪਾਲ ਸਿੰਘ ਘਨੌਰ ਕਲਾਂ ਅਤੇ ਬਿੱਕਰ ਸਿੰਘ ਬਾਬਾ ਜਹਾਂਗੀਰ ਵੀ ਹਾਜ਼ਰ ਸਨ।