- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਹਿਰ ਖਾ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਸਰਪੰਚ ਸਮੇਤ ਚਾਰ ’ਤੇ ਧਮਕਾਉਣ ਦੇ ਦੋਸ਼

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ,
ਸੰਗਰੂਰ : ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਨਮਦੀਪ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪਿੰਡ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਵੱਲੋਂ ਨੌਜਵਾਨ ਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਾਰਨ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕੀਤੀ।
ਪਰਿਵਾਰ ਨੇ ਮੰਗ ਕੀਤੀ ਕਿ ਸਰਪੰਚ ਸਮੇਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਪੁਲਿਸ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਮ੍ਰਿਤਕ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਦੇ ਬਾਹਰ ਧਰਨਾ ਲਾ ਦਿੱਤਾ।
ਦੇਰ ਸ਼ਾਮ ਤੱਕ ਪਰਿਵਾਰ ਵੱਲੋਂ ਪੁਲਿਸ ਨੂੰ ਬਿਆਨ ਦਰਜ ਨਹੀਂ ਕਰਵਾਏ ਗਏ, ਜਿਸ ਕਾਰਨ ਮੋਰਚਰੀ ਦੇ ਬਾਹਰ ਧਰਨਾ ਜਾਰੀ ਰਿਹਾ। ਘਟਨਾ ਦੀ ਸੂਚਨਾ ਮਿਲਣ ’ਤੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਸ਼ੇਰੋਂ, ਭਾਜਪਾ ਦੀ ਜ਼ਿਲ੍ਹਾ ਪ੍ਰਧਾਨ-2 ਦਾਮਨ ਬਾਜਵਾ, ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਸਮੇਤ ਹੋਰ ਵਿਅਕਤੀ ਵੀ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਮ੍ਰਿਤਕ ਸਨਮਦੀਪ ਸਿੰਘ ਦੇ ਪਿਤਾ ਪਰਮਜੀਤ ਸਿੰਘ ਅਤੇ ਦਾਦਾ ਹੰਸਾ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਰਿਵਾਰ ਦਾ ਪਿੰਡ ਦੇ ਸਰਪੰਚ ਨਾਲ ਸਾਲ 2019 ਤੋਂ ਪੁਰਾਣਾ ਵਿਵਾਦ ਚੱਲ ਰਿਹਾ ਹੈ। ਪਹਿਲਾਂ ਉਨ੍ਹਾਂ ਵੱਲੋਂ ਸਰਪੰਚ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਸਰਪੰਚ ਦੀ ਕਥਿਤ ਸ਼ਹਿ ’ਤੇ ਪਿੰਡ ਦੇ ਕੁਝ ਵਿਅਕਤੀਆਂ ਨੇ ਘਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮ੍ਰਿਤਕ ਸਮੇਤ ਉਸ ਦੇ ਮਾਤਾ-ਪਿਤਾ ਅਤੇ ਸੱਤ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਸੀ।
ਪਰਿਵਾਰ ਦਾ ਦੋਸ਼ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਕਤ ਕੇਸ ਵਾਪਸ ਲੈਣ ਲਈ ਸਰਪੰਚ ਅਤੇ ਉਸ ਦੇ ਸਾਥੀ ਸਾਬਕਾ ਪੰਚ ਹਰਬੰਸ ਸਿੰਘ ਵੱਲੋਂ ਕਥਿਤ ਤੌਰ ’ਤੇ ਸਨਮਦੀਪ ਸਿੰਘ ’ਤੇ ਦਬਾਅ ਪਾਇਆ ਜਾ ਰਿਹਾ ਸੀ। ਮਈ ਮਹੀਨੇ ਵਿੱਚ ਵੀ ਪਰਿਵਾਰ ਨੇ ਉਕਤ ਵਿਅਕਤੀਆਂ ਵੱਲੋਂ ਧਮਕਾਉਣ ਅਤੇ ਸਨਮਦੀਪ ਸਿੰਘ ਦਾ ਮੋਬਾਈਲ ਫੋਨ ਖੋਹਣ ਦੇ ਮਾਮਲੇ ਵਿੱਚ ਕਾਰਵਾਈ ਲਈ ਥਾਣਾ ਸਦਰ ਸੰਗਰੂਰ ਵਿੱਚ ਦਰਖ਼ਾਸਤ ਦਿੱਤੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਖ਼ਿਲਾਫ਼ ਹੀ ਕੇਸ ਦਰਜ ਕਰ ਦਿੱਤਾ। ਪਰਿਵਾਰ ਮੁਤਾਬਕ ਇਸ ਤੋਂ ਤੰਗ ਆ ਕੇ ਸਨਮਦੀਪ ਸਿੰਘ ਨੇ ਪਿਛਲੇ ਦਿਨ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਸਮੇਤ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਪਿੰਡ ਦੇ ਸਰਪੰਚ ਦੀਪ ਸਿੰਘ ਉਰਫ਼ ਬਾਵਾ, ਉਸ ਦੇ ਭਰਾ ਗੁਰਿੰਦਰ ਸਿੰਘ ਗੋਗਾ, ਸਾਬਕਾ ਪੰਚ ਹਰਬੰਸ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਖ਼ਿਲਾਫ਼ ਸਨਮਦੀਪ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਮੰਗ ਕੀਤੀ।
ਮੌਕੇ ’ਤੇ ਮੌਜੂਦ ਡੀਐੱਸਪੀ ਸੰਗਰੂਰ ਦਲਵੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਦਾ ਪਰਿਵਾਰ ਸਰਪੰਚ ਅਤੇ ਹੋਰ ਵਿਅਕਤੀਆਂ ’ਤੇ ਦੋਸ਼ ਲਾ ਰਿਹਾ ਹੈ, ਪਰ ਪਰਿਵਾਰ ਕੋਲ ਇਸ ਸਬੰਧੀ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਪਰਿਵਾਰ ਵੱਲੋਂ ਆਪਣੇ ਬਿਆਨ ਵੀ ਦਰਜ ਨਹੀਂ ਕਰਵਾਏ ਗਏ। ਜਿਵੇਂ ਹੀ ਪਰਿਵਾਰ ਬਿਆਨ ਦਰਜ ਕਰਵਾਏਗਾ, ਉਸ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਤੱਥ ਸਾਹਮਣੇ ਆਏ ਤਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
---------
ਸਰਪੰਚ ਦੇ ਹੱਕ ’ਚ ਆਏ ਪਿੰਡ ਵਾਸੀ
ਦੂਜੇ ਪਾਸੇ, ਪਿੰਡ ਵਾਸੀ ਸਰਬਜੀਤ ਕੌਰ, ਬੀਰਾ ਸਿੰਘ, ਗੁਰਚਰਨ ਸਿੰਘ, ਨਾਹਰ ਸਿੰਘ ਅਤੇ ਮਿੰਦੋ ਦੇਵੀ ਨੇ ਕਿਹਾ ਕਿ ਪੂਰਾ ਪਿੰਡ ਸਰਪੰਚ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸਨਮਦੀਪ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਨਾਲ ਸਰਪੰਚ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਨਮਦੀਪ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ ਉਸ ਦੇ ਪਿੰਡ ਦੀ ਇੱਕ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸਨ। ਉਨ੍ਹਾਂ ਮੁਤਾਬਕ ਔਰਤ ਦੇ ਪਰਿਵਾਰਕ ਮੈਂਬਰ ਉਸ ਨੂੰ ਇਸ ਤੋਂ ਰੋਕਦੇ ਸਨ ਅਤੇ ਸਨਮਦੀਪ ਸਿੰਘ ਦੇ ਆਪਣੇ ਪਰਿਵਾਰ ਨੂੰ ਵੀ ਇਸ ’ਤੇ ਇਤਰਾਜ਼ ਸੀ।