ਵਿਦਿਆਰਥੀਆਂ ਦੀ ਜੇਈਈ ਮੇਨ ’ਚ ਕਾਮਯਾਬੀ
ਧੂਰੀ ਦੇ ਵਿਦਿਆਰਥੀਆਂ ਦੀ ਜੇਈਈ ਮੇਨ ’ਚ ਕਾਮਯਾਬੀ
Publish Date: Wed, 25 Feb 2026 04:01 PM (IST)
Updated Date: Wed, 25 Feb 2026 04:04 PM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ
ਧੂਰੀ : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਦੇ ਵਿਦਿਆਰਥੀਆਂ ਨੇ ਜੇਈਈ ਮੇਨ 2026 ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਇਲਾਕੇ ਭਰ ਵਿੱਚ ਰੋਸ਼ਨ ਕੀਤਾ ਹੈ। ਇਸ ਵਿੱਚ ਰਮਯਕ ਜੈਨ ਪਿਤਾ ਅਰੁਣ ਕੁਮਾਰ ਜੈਨ ਅਤੇ ਮਾਤਾ ਸਨੇਹ ਲਤਾ ਨੇ (99.85) ਪਰਸੈਂਟਾਇਲ ਪ੍ਰਾਪਤ ਕਰਕੇ ਸਾਰੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਿਆ। ਉਨ੍ਹਾਂ ਦੀ ਇਸ ਉਪਲਬਧੀ ਨੇ ਸਾਬਤ ਕੀਤਾ ਕਿ ਲਕਸ਼ ਪ੍ਰਤੀ ਸਤਤ ਮਿਹਨਤ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਧਵਲ ਕੁਮਾਰ (95.40) ਪਰਸੈਂਟਾਇਲ ਪਿਤਾ ਵਿਪਨ ਕੁਮਾਰ ਅਤੇ ਮਾਤਾ ਅਨੀਤਾ ਗੁਪਤਾ, ਸ਼ੁਭਿੰਦੂ ਬੰਸਲ (95.32) ਪਰਸੈਂਟਾਇਲ ਪਿਤਾ ਜੀਵਨ ਬਾਂਸਲ ਅਤੇ ਮਾਤਾ ਨਿਸ਼ੀ ਰਾਣੀ ਨੇ ਵੀ ਉੱਤਮ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਸਫਲਤਾ ਨੇ ਸਕੂਲ ਦੇ ਅਕਾਦਮਿਕ ਮਿਆਰ ਨੂੰ ਹੋਰ ਮਜ਼ਬੂਤ ਕੀਤਾ ਹੈ।
ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਨੂੰ ਸਨਮਾਨਿਤ ਕਰਨ ਵੇਲੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਕਿਹਾ ਕਿ ਇਹ ਸਫਲਤਾ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਕੇਂਦ੍ਰਿਤ ਸੋਚ ਦਾ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਇਨ੍ਹਾਂ ਹੀ ਜਜ਼ਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਟਰਸਟ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਇਹ ਸਾਰੀ ਕਾਮਯਾਬੀ ਗੁਰੂ ਜੀ ਦੀ ਅਸੀਮ ਕਿਰਪਾ ਅਤੇ ਸਕੂਲ ਦੇ ਅਕਾਦਮਿਕ ਮੁਖੀ, ਸਾਰੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕ ਵਰਗ ਨੇ ਵੀ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਮਾਤਾ-ਪਿਤਾ ਦੇ ਅਤੁੱਟ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਸਕੂਲ ਪਰਿਵਾਰ ਨੂੰ ਆਪਣੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ’ਤੇ ਮਾਣ ਹੈ ਅਤੇ ਉਹ ਉਨ੍ਹਾਂ ਦੇ ਚਮਕਦੇ ਭਵਿੱਖ ਅਤੇ ਹੋਰ ਵੱਡੀਆਂ ਸਫਲਤਾਵਾਂ ਲਈ ਦਿਲੋਂ ਸ਼ੁੱਭਕਾਮਨਾਵਾਂ ਪ੍ਰਗਟ ਕਰਦਾ ਹੈ।