ਵਿਸ਼ਵ ਪੰਜਾਬੀ ਦਿਵਸ 23 ਸਤੰਬਰ ਨੂੰ ਮਨਾਇਆ ਜਾਵੇਗਾ ਵਿਸ਼ਵ ਪੰਜਾਬੀ ਦਿਵਸ 23 ਸਤੰਬਰ ਨੂੰ ਮਨਾਇਆ ਜਾਵੇਗਾ
Publish Date: Sun, 20 Sep 2026 03:53 PM (IST)
Updated Date: Mon, 21 Sep 2026 04:03 AM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਮਾਂ ਬੋਲੀ ਪੰਜਾਬੀ ਦੀ ਮਹੱਤਤਾ, ਮਾਣ ਅਤੇ ਵਿਸ਼ਵ ਪੱਧਰ ’ਤੇ ਇਸ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਸਮਾਗਮ 23 ਸਤੰਬਰ ਨੂੰ ਸ਼ਾਮ 3 ਵਜੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ। ਗੁਰੂਕੁਲ ਗਲੋਬਲ ਸਕੂਲ ਖਨੌਰੀ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਹੁੰਦਲ ਅਤੇ ਰਾਕੇਸ਼ ਸਿੰਗਲਾ ਨੇ ਪੰਜਾਬੀ ਪ੍ਰੇਮੀਆਂ, ਸਿੱਖਿਆ ਸ਼ਾਸਤਰੀਆਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬੀਆਂ ਦੀ ਪਛਾਣ, ਵਿਰਾਸਤ, ਸੱਭਿਆਚਾਰ ਅਤੇ ਸਾਂਝੀ ਚੇਤਨਾ ਦੀ ਆਵਾਜ਼ ਹੈ। ਉਨ੍ਹਾਂ ਦੱਸਿਆ ਕਿ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਸਿੱਖਿਆ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਦਿਵਸ ਮਨਾਉਣ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਮਹਾਨ ਸੂਫ਼ੀ ਕਵੀ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਇਹ ਸਫ਼ਰ ਪਿਛਲੇ ਵਰ੍ਹੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਤੇ ਸਰਪ੍ਰਸਤੀ ਹੇਠ ਸ਼ੁਰੂ ਕੀਤਾ ਗਿਆ ਸੀ। ਸ਼ਮਸ਼ੇਰ ਸਿੰਘ ਹੁੰਦਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਏ.ਆਈ. ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਧ ਤੋਂ ਵੱਧ ਪੰਜਾਬੀ ਸਾਹਿਤ ਅਤੇ ਸਮੱਗਰੀ ਇੰਟਰਨੈੱਟ ’ਤੇ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮਕਸਦ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ ਅਤੇ ਪੰਜਾਬੀ ਦੀ ਵਿਸ਼ਵ ਪੱਧਰੀ ਪਛਾਣ ਨੂੰ ਹੋਰ ਮਜ਼ਬੂਤ ਕਰਨਾ ਹੈ।