ਸੂਬੇ ’ਚ ਭਾਜਪਾ ਦੀਆਂ ਰੈਲੀਆਂ ਨੂੰ ਲੈ ਕੇ ਵਰਕਰ ਉਤਸਾਹਿਤ : ਪੂਨੀਆ, ਗਰਗ ਸੂਬੇ ’ਚ ਭਾਜਪਾ ਦੀਆਂ ਰੈਲੀਆਂ ਨੂੰ ਲੈ ਕੇ ਵਰਕਰ ਉਤਸਾਹਿਤ:ਪੂਨੀਆ/ ਗਰਗ
Publish Date: Tue, 27 Oct 2026 07:06 PM (IST)
Updated Date: Tue, 27 Oct 2026 07:07 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ਤੇ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਪੂਨੀਆ ਅਤੇ ਸੀਨੀਅਰ ਭਾਜਪਾ ਆਗੂ ਪਵਨ ਗਰਗ ਨੇ ਇਸ ਬਾਰੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪਾਰਟੀ ਦੀਆਂ ਇਹ ਪਹਿਲੀਆਂ ਤਿੰਨ ਰੈਲੀਆਂ ਹੀ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਦੀ ਦਿਸ਼ਾ ਤੈਅ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਪਹਿਲੀ ਰੈਲੀ 28 ਅਕਤੂਬਰ ਨੂੰ ਹੁਸ਼ਿਆਰਪੁਰ, ਦੂਜੀ 30 ਅਕਤੂਬਰ ਨੂੰ ਪਟਿਆਲਾ ਅਤੇ ਤੀਜੀ ਰੈਲੀ 3 ਨਵੰਬਰ ਨੂੰ ਗੁਰਦਾਸਪੁਰ ਵਿੱਚ ਹੋਵੇਗੀ। ਇਸ ਸਬੰਧੀ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ੇਸ਼ ਤੌਰ ਤੇ 30 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿੱਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪੰਜਾਬ ਦੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦੇ ਲੋਕ ਨਿਰਾਸ਼ ਹੋ ਚੁੱਕੇ ਹਨ ਅਤੇ ਹੁਣ ਉਹ ਸੂਬੇ ਵਿੱਚ ਇੱਕ ਮਜ਼ਬੂਤ ਤੇ ਇਮਾਨਦਾਰ ਬਦਲ ਚਾਹੁੰਦੇ ਹਨ। ਇਨ੍ਹਾਂ ਰੈਲੀਆਂ ਕਾਰਨ ਪੰਜਾਬ ਭਰ ਵਿੱਚ ਪਾਰਟੀ ਦੇ ਹੱਕ ਵਿੱਚ ਬਹੁਤ ਹੀ ਅਨੁਕੂਲ ਮਾਹੌਲ ਬਣ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਆਗੂ ਪੰਜਾਬ ਦਾ ਦੌਰਾ ਕਰਨਗੇ। ਆਗੂਆਂ ਨੇ ਦਾਅਵਾ ਕੀਤਾ ਕਿ ਜ਼ਮੀਨੀ ਹਕੀਕਤ ਨੂੰ ਦੇਖਦਿਆਂ ਪੂਰਾ ਵਿਸ਼ਵਾਸ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਪੰਜਾਬ ਵਿੱਚ ਸਰਕਾਰ ਬਣਾਏਗੀ ਅਤੇ ਸੂਬੇ ਨੂੰ ਤਰੱਕੀ ਦੀ ਲੀਹ ਤੇ ਲੈ ਕੇ ਜਾਵੇਗੀ। ਇਸ ਮੌਕੇ ਪ੍ਰਤਾਪ ਸਿੰਘ ਢਿੱਲੋਂ, ਭੁਪਿੰਦਰ ਸਿੰਘ, ਰਾਣਾ ਬਖਤੜਾ, ਜਗਸੀਰ ਸਿੰਘ ਖੇੜੀ ਚੰਦਵਾ, ਪਰਸ਼ੋਤਮ ਕਾਂਸਲ, ਪਰਮਜੀਤ ਸ਼ਰਮਾ, ਰੋਮੀ ਗੋਇਲ, ਜਤਿੰਦਰ ਮਿੱਤਲ ਮੌਜੂਦ ਸਨ।