ਭੱਠਾ ਮਜ਼ਦੂਰਾਂ ਵੱਲੋਂ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ
ਭੱਠਾ ਮਜ਼ਦੂਰਾਂ ਵੱਲੋਂ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ
Publish Date: Fri, 03 Apr 2026 05:07 PM (IST)
Updated Date: Sat, 04 Apr 2026 04:05 AM (IST)

6 ਅਪ੍ਰੈਲ ਦੀ ਜ਼ਿਲ੍ਹਾ ਰੈਲੀ ’ਚ ਵੱਡੀ ਸ਼ਮੂਲੀਅਤ ਦੀ ਤਿਆਰੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਲਾਲ ਝੰਡਾ ਭੱਠਾ ਵਰਕਰ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ ’ਤੇ ਭੱਠਾ ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ 6 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਵਾਈ ਜਾਣ ਵਾਲੀ ਜ਼ਿਲ੍ਹਾ ਪੱਧਰੀ ਰੈਲੀ ’ਚ ਭੱਠਾ ਮਜ਼ਦੂਰ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਸੀਟੂ ਦੇ ਸੂਬਾਈ ਆਗੂ ਸਾਥੀ ਮਾਨ ਸਿੰਘ ਗੁਰਮ ਅਤੇ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਥੀ ਪ੍ਰੀਤਮ ਸਿੰਘ ਸਹਿਜੜਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਨਵੇਂ ਲੇਬਰ ਕੋਡ ਲਾਗੂ ਕਰਨਾ ਮਜ਼ਦੂਰਾਂ ਦੇ ਹੱਕਾਂ ’ਤੇ ਵੱਡਾ ਹਮਲਾ ਹੈ। ਉਨ੍ਹਾਂ ਦੱਸਿਆ ਕਿ 2015 ਦੀ ਕੌਮੀ ਲੇਬਰ ਕਾਨਫਰੰਸ ਤੋਂ ਬਾਅਦ ਤਿੰਨ ਧਿਰਾਂ—ਸਰਕਾਰ, ਮਾਲਕਾਂ ਅਤੇ ਟਰੇਡ ਯੂਨੀਅਨਾਂ—ਦੀ ਕੋਈ ਮੀਟਿੰਗ ਨਹੀਂ ਬੁਲਾਈ ਗਈ, ਜਿਸ ਨਾਲ ਮਜ਼ਦੂਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਇਹ ਲੇਬਰ ਕੋਡ ਮਜ਼ਦੂਰਾਂ ਦੀਆਂ ਯੂਨੀਅਨ ਬਣਾਉਣ, ਉਜਰਤਾਂ ’ਚ ਵਾਧਾ ਮੰਗਣ ਅਤੇ ਧਰਨੇ-ਰੈਲੀਆਂ ਕਰਨ ਦੇ ਹੱਕਾਂ ’ਤੇ ਪਾਬੰਦੀਆਂ ਲਗਾਉਣਗੇ ਅਤੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਰੱਖਿਆ ਲਈ ਵਿਸ਼ਾਲ ਏਕਤਾ ਅਤੇ ਤਿੱਖੇ ਸਾਂਝੇ ਸੰਘਰਸ਼ ਸਮੇਂ ਦੀ ਲੋੜ ਹਨ। ਇਸ ਰੋਸ ਕਾਰਵਾਈ ਦੌਰਾਨ ਰਾਜਾ ਰਾਮ, ਵਿਸ਼ਾਲ ਸ਼ਰਮਾ, ਪਦਾਰ ਸ਼ਰਮਾ, ਸ਼ਮਸ਼ੇਰ ਆਲਮ, ਲਖਬੀਰ ਸਿੰਘ, ਬਲਵੀਰ ਸਿੰਘ, ਅਮਰ ਸਿੰਘ, ਬਿਰਜੂ ਸ਼ਰਮਾ, ਪੂਜਾ ਦੇਵੀ, ਮੰਜੂ ਦੇਵੀ, ਸੰਜੂ ਦੇਵੀ, ਸੰਤੋਸ਼ ਸ਼ਰਮਾ, ਵਿਨੋਦ ਸ਼ਰਮਾ ਸਮੇਤ ਕਈ ਮਜ਼ਦੂਰ ਹਾਜ਼ਰ ਸਨ।