- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਬਾੜ ਇਕੱਠਾ ਕਰਨ ਨਿਕਲੀ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਸ਼ਹਿਰ ਦੇ ਚਾਂਦ ਸਿਨੇਮਾ ਰੋਡ ਨਜਦੀਕ ਸੁਨਿਆਰਾ ਮੁਹੱਲਾ ਦੇ ਨਜ]ਦੀਕ ਸਥਿਤ ਤੇਰਾਂ ਪੰਥ ਭਵਨ ਦੇ ਗੇਟ ਦੇ ਸਾਹਮਣੇ ਸ਼ਨਿੱਚਰਵਾਰ ਤੜਕਸਾਰ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕਾ ਦੀ ਪਛਾਣ ਸੁਨੀਤਾ ਪਤਨੀ ਸੇਵਕ ਸਿੰਘ (ਵਾਸੀ ਵਾਰਡ ਨੰਬਰ 17, ਮੁਰਦਾਘਾਟ ਵਾਲੀ ਗਲੀ) ਵਜੋਂ ਹੋਈ ਹੈ। ਇਹ ਖ਼ੂਨੀ ਵਾਰਦਾਤ ਸਵੇਰੇ ਲੱਗਭੱਗ 4:30 ਤੋਂ 5:00 ਵਜੇ ਦੇ ਦਰਮਿਆਨ ਵਾਪਰੀ ਦੱਸੀ ਜਾ ਰਹੀ ਹੈ।
ਮ੍ਰਿਤਕਾ ਪੁੱਤਰ ਲਾਡੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਮਾਂ ਸ਼ਹਿਰ ਵਿੱਚੋਂ ਕਾਗਜ਼-ਕਬਾੜ ਵਗੈਰਾ ਚੁਗਣ ਦਾ ਕੰਮ ਕਰਦੀ ਸੀ। ਅੱਜ ਸਵੇਰੇ ਕਰੀਬ 4:30 ਵਜੇ ਆਪਣੀ ਭੂਆ ਬੇਵੀ ਨਾਲ ਰੋਜ਼ਾਨਾ ਵਾਂਗ ਕੰਮ 'ਤੇ ਨਿਕਲੀ ਸੀ। ਸਵੇਰੇ 5 ਵਜੇ ਦੇ ਸਮੇਂ ਭੂਆ ਨੇ ਘਰ ਸੂਚਨਾ ਦਿੱਤੀ ਕਿ ਸੁਨੀਤਾ ਦੀ ਤੇਰਾ ਪੰਥ ਭਵਨ ਕੋਲ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਹੈ।
ਜਾਣਕਾਰੀ ਮੁਤਾਬਕ, ਬੇਵੀ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਚੌਧਰੀ ਸਵੀਟ ਸ਼ਾਪ ਕੋਲ ਪਹੁੰਚ ਕੇ ਦੋਵੇਂ ਔਰਤਾਂ ਵੱਖ-ਵੱਖ ਰਸਤੇ ਹੋ ਗਈਆਂ। ਇਸ ਤੋਂ ਬਾਅਦ ਜਦੋਂ ਬੇਵੀ ਤੇਰਾਂ ਪੰਥ ਭਵਨ ਲਾਗੇ ਪਹੁੰਚੀ ਤਾਂ ਉਸ ਨੇ ਸੁਨੀਤਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਦੇਖਿਆ, ਜੋ ਉਸ ਤੋਂ ਹਸਪਤਾਲ ਲੈ ਜਾਣ ਲਈ ਮਦਦ ਮੰਗ ਰਹੀ ਸੀ।
ਖ਼ਬਰ ਮਿਲਦਿਆਂ ਹੀ ਲਾਡੀ ਆਪਣੇ ਪਿਤਾ ਅਤੇ ਗੁਆਂਢੀਆਂ ਸਮੇਤ ਮੌਕੇ ’ਤੇ ਪੁੱਜਾ, ਪਰ ਉਦੋਂ ਤੱਕ ਉਸਦੀ ਮਾਤਾ ਸੁਨੀਤਾ ਦਮ ਤੋੜ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਹਾਲਾਂਕਿ, ਪੁਲਿਸ ਪ੍ਰਸ਼ਾਸਨ ਵਲੋਂ ਹਾਲੇ ਤੱਕ ਇਨ੍ਹਾਂ ਮੋਟਰਸਾਈਕਲ ਸਵਾਰਾਂ ਦੀ ਸ਼ਮੂਲੀਅਤ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਚਾਰਜੋਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਰ ਪਹਿਲੂ ਤੋਂ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।