ਡਾਕਟਰ ਨਾ ਮਿਲਣ ਕਾਰਨ ਔਰਤ ਦੀ ਮੌਤ, ਭੜਕੇ ਲੋਕਾਂ ਨੇ ਲਾਸ਼ ਸੜਕ 'ਤੇ ਰੱਖਕੇ ਲਾਇਆ ਜਾਮ ਡਾਕਟਰ ਨਾ ਮਿਲਣ ਕਾਰਨ ਔਰਤ ਦੀ ਮੌਤ, ਭੜਕੇ ਲੋਕਾਂ ਨੇ ਲਾਸ਼ ਸੜਕ 'ਤੇ ਰੱਖਕੇ ਲਾਇਆ ਜਾਮ
Publish Date: Mon, 20 Jul 2026 04:01 PM (IST)
Updated Date: Tue, 21 Jul 2026 04:01 AM (IST)
:- ਹਸਪਤਾਲ ਚ ਡਾਕਟਰਾਂ ਨਾ ਹੋਣ ਕਾਰਨ ਧਨੌਲਾ ਹਸਪਤਾਲ ਬਣਿਆ ਚਿੱਟਾ ਹਾਥੀ -- ਕਈ ਮਹੀਨਿਆਂ ਤੋਂ ਸਰਕਾਰ ਕੋਲੋਂ ਡਾਕਟਰਾਂ ਦੀ ਮੰਗ ਕਰ ਰਹੇ ਨੇ ਇਲਾਕਾ ਨਿਵਾਸੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦਾਅਵਿਆਂ ਦੀ ਸੋਮਵਾਰ ਨੂੰ ਉਸ ਸਮੇਂ ਫੂਕ ਨਿਕਲ ਗਈ, ਜਦ ਧਨੌਲਾ ਦੇ ਸਰਕਾਰੀ ਹਸਪਤਾਲ ’ਚ ਡਾਕਟਰ ਨਾ ਹੋਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਇਲਾਕੇ ਦੇ ਸਰਕਾਰੀ ਹਸਪਤਾਲ ਦੀਆਂ ਖ਼ਸਤਾਹਾਲ ਸਿਹਤ ਸੇਵਾਵਾਂ ’ਤੇ ਇੱਕ ਵਾਰ ਫੇਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਇੱਥੋਂ ਦੇ ਸਥਾਨਕ ਲੋਕਾਂ ਨੇ ਹਸਪਤਾਲ ਪ੍ਰਬੰਧਕਾਂ ’ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਹੈ ਕਿ ਐਮਰਜੈਂਸੀ ਵੇਲੇ ਹਸਪਤਾਲ ’ਚ ਕੋਈ ਡਾਕਟਰ ਮੌਜੂਦ ਨਹੀਂ ਸੀ, ਜਿਸ ਕਾਰਨ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਮੰਡੀ ਧਨੌਲਾ ਦੀ ਔਰਤ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਤੇ ਇਲਾਕੇ ਦੇ ਲੋਕਾਂ ’ਚ ਭਾਰੀ ਰੋਸ ਫੈਲ ਗਿਆ। ਗੁੱਸੇ ’ਚ ਆਏ ਲੋਕਾਂ ਨੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਬਰਨਾਲਾ ਹਲਵਾਈ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੁੰਦਰੀ ਦੀ ਅਗਵਾਈ ਹੇਠ ਮ੍ਰਿਤਕ ਬੀਬੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਧਨੌਲਾ ਦੇ ਅੱਗੇ ਸੜਕ ’ਤੇ ਰੱਖ ਕੇ ਧਰਨਾ ਲਾ ਦਿੱਤਾ ਤੇ ਮੁੱਖ ਮਾਰਗ (ਰੋਡ) ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਮੌਕੇ ’ਤੇ ਸੁਖਵਿੰਦਰ ਸਿੰਘ ਮੁੰਦਰੀ ਨੇ ਦੱਸਿਆ ਕਿ ਕਰਮਜੀਤ ਕੌਰ ਪਤਨੀ ਬਿੱਕਰ ਸਿੰਘ ਦੀ ਦੇਰ ਸ਼ਾਮ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਪਰਿਵਾਰ ਵਾਲੇ ਤੁਰੰਤ ਭੱਜ-ਨੱਠ ਕਰਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਧਨੌਲਾ ਲੈ ਕੇ ਪਹੁੰਚੇ। ਪਰਿਵਾਰ ਦਾ ਦੋਸ਼ ਹੈ ਕਿ ਉਸ ਵੇਲੇ ਹਸਪਤਾਲ ’ਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ ਤੇ ਨਾ ਹੀ ਡਿਊਟੀ ’ਤੇ ਹਾਜ਼ਰ ਸਟਾਫ਼ ਵੱਲੋਂ ਮਰੀਜ਼ ਨੂੰ ਕੋਈ ਫਸਟ-ਏਡ ਜਾਂ ਟੀਕਾ ਲਾਇਆ ਗਿਆ। ਸਮੇਂ ਸਿਰ ਇਲਾਜ ਨਾ ਮਿਲਣ ਕਰ ਕੇ ਔਰਤ ਨੇ ਹਸਪਤਾਲ ’ਚ ਹੀ ਦਮ ਤੋੜ ਦਿੱਤਾ। ਇਸ ਲਾਪ੍ਰਵਾਹੀ ਨੂੰ ਦੇਖ ਕੇ ਪਰਿਵਾਰ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਨ੍ਹਾਂ ਨੇ ਲਾਸ਼ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। -28 ਪਿੰਡਾਂ ਦਾ ਇੱਕੋ ਸਹਾਰਾ, ਪਰ ਸੁਣਵਾਈ ਕੋਈ ਨਹੀਂ ਮ੍ਰਿਤਕ ਔਰਤ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਹਸਪਤਾਲ ਦੀ ਇਮਾਰਤ ’ਤੇ ਧਨੌਲਾ ਸ਼ਹਿਰ ਸਮੇਤ ਆਲੇ-ਦੁਆਲੇ ਦੇ ਕਰੀਬ 28 ਪਿੰਡਾਂ ਦੀ ਵੱਡੀ ਆਬਾਦੀ ਨਿਰਭਰ ਕਰਦੀ ਹੈ। ਪਰ ਲੰਮੇ ਸਮੇਂ ਤੋਂ ਇੱਥੇ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਭਾਰੀ ਘਾਟ ਚੱਲ ਰਹੀ ਹੈ, ਜਿਸ ਦਾ ਖ਼ਾਮਿਆਜ਼ਾ ਗ਼ਰੀਬ ਮਰੀਜ਼ਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਬਾਅਦ ਹਸਪਤਾਲ ਵਿੱਚ ਡਾਕਟਰਾਂ ਦਾ ਮਿਲਣਾ ਨਾਮੁਮਕਿਨ ਵਰਗਾ ਹੋ ਜਾਂਦਾ ਹੈ। --ਐਮਰਜੈਂਸੀ ਵੇਲੇ ਮਰੀਜ਼ਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੁੰਦਾ ਰਾਸ਼ਟਰੀ ਰਾਜਮਾਰਗ ਤੇ ਰੋਜ਼ਾਨਾ ਹਾਦਸੇ ਹੁੰਦੇ ਰਹਿੰਦੇ ਹਨ, ਪਰ 24 ਘੰਟੇ ਐਮਰਜੈਂਸੀ ਸੇਵਾਵਾਂ ਨਾ ਹੋਣ ਕਰਕੇ ਮਰੀਜ਼ਾਂ ਨੂੰ ਤੁਰੰਤ ਬਰਨਾਲਾ ਜਾਂ ਹੋਰ ਸ਼ਹਿਰਾਂ ਵੱਲ ਰੈਫ਼ਰ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਰਾਹ ’ਚ ਹੀ ਕਈਆਂ ਦੀ ਮੌਤ ਹੋ ਜਾਂਦੀ ਹੈ। ਔਰ ਉਹ ਚਾਹੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਤੇ ਜਾਮ ਲਗਾਉਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ। ਖ਼ਬਰ ਲਿਖੇ ਜਾਣ ਤੱਕ ਬੱਸ ਸਟੈਂਡ ਦੇ ਸਾਹਮਣੇ ਸੈਂਕੜੇ ਸ਼ਹਿਰ ਨਿਵਾਸੀਆਂ ਵੱਲੋਂ ਲਾਸ਼ ਰੱਖ ਕੇ ਜਾਮ ਤੇ ਪ੍ਰਦਰਸ਼ਨ ਲਗਾਤਾਰ ਜਾਰੀ ਸੀ। ਮਾਹੌਲ ਗਰਮਾਉਂਦਾ ਦੇਖ ਥਾਣਾ ਧਨੌਲਾ ਦੇ ਐਸ.ਐਚ.ਓ. ਇੰਸਪੈਕਟਰ ਲਖਬੀਰ ਸਿੰਘ ਆਪਣੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ ਅਤੇ ਸਥਿਤੀ ਨੂੰ ਕੰਟਰੋਲ ’ਚ ਰੱਖਿਆ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਦੌਰਾਨ ਤਹਿਸੀਲਦਾਰ ਰਜਨੀਸ਼ ਗੋਇਲ ਨੇ ਵੀ ਧਰਨਾ ਵਾਲੀ ਥਾਂ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਕੋਲੋਂ ਇੱਕ ਮੰਗ ਪੱਤਰ ਲਿਆ, ਜਿਸ ਨੂੰ ਅੱਗੇ ਉੱਚ ਅਧਿਕਾਰੀਆਂ ਤੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਮੰਡੀ ਧਨੌਲਾ ਦੇ ਮੋਹਤਬਰ ਵਿਅਕਤੀਆਂ, ਜਿਨ੍ਹਾਂ ’ਚ ਕੌਂਸਲਰ ਬੂਟਾ ਸਿੰਘ, ਕੌਂਸਲਰ ਸਾਹਿਬ ਸਿੰਘ ਸੋਢੀ, ਡਾਕਟਰ ਸ਼ੰਕਰ ਬਾਂਸਲ, ਡਾਕਟਰ ਵਿਸ਼ਾਲ ਵੀਰ, ਜਗਤਾਰ ਸਿੰਘ ਧਨੌਲਾ, ਕੌਂਸਲਰ ਬਿੱਲੂ ਖਾਂ, ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਪ੍ਰਧਾਨ ਕਰਮਜੀਤ ਸਿੰਘ, ਪ੍ਰਧਾਨ ਚਮਕੌਰ ਸਿੰਘ ਗੱਗੀ, ਰਾਮਲੀਲਾ ਕਲੱਬ ਦੇ ਪ੍ਰਧਾਨ ਰਜਿੰਦਰ ਕੁਮਾਰ, ਰਵਿੰਦਰ ਰਾਮਾ, ਗਗਨਦੀਪ ਵਰਮਾ, ਨਰੇਸ਼ ਕੁਮਾਰ ਨੇਸ਼ੀ ਤੇ ਰਿਟਾਇਰਡ ਇੰਸਪੈਕਟਰ ਧਰਮਪਾਲ ਸ਼ਾਮਲ ਸਨ, ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਲਾਕਾ ਨਿਵਾਸੀਆਂ ਨੇ ਸਾਫ਼ ਸ਼ਬਦਾਂ ’ਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਤੇ ਸਿਹਤ ਵਿਭਾਗ ਨੇ ਹਸਪਤਾਲ ’ਚ ਪੱਕੇ ਡਾਕਟਰਾਂ, ਮਾਹਿਰ ਡਾਕਟਰਾਂ ਦੀ ਤਾਇਨਾਤੀ, 24 ਘੰਟੇ ਐਮਰਜੈਂਸੀ ਸੇਵਾਵਾਂ ਤੇ ਲੋੜੀਂਦਾ ਪੈਰਾਮੈਡੀਕਲ ਸਟਾਫ਼ ਤੁਰੰਤ ਮੁਹੱਈਆ ਨਾ ਕਰਵਾਇਆ, ਤਾਂ ਆਉਣ ਵਾਲੇ ਦਿਨਾਂ ’ਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਇੱਕ ਵੱਡਾ ਜਨ-ਅੰਦੋਲਨ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਦੀ ਹੋਵੇਗੀ।