ਟਿਕਟ ਇੱਕ ਤੇ ਮੁਲਾਜ਼ੇਦਾਰ ਵਾਹਲੇ, ਮੈਂ ਕੀਹਦਾ-ਕੀਹਦਾ ਮਾਣ ਰੱਖ ਲਾਂ ਟਿਕਟ ਇੱਕ ਤੇ ਮੁਲਾਜ਼ੇਦਾਰ ਵਾਲੇ, ਮੈਂ ਕੀਹਦਾ-ਕੀਹਦਾ ਮਾਣ ਰੱਖ ਲਾਂ
Publish Date: Fri, 27 Nov 2026 03:53 PM (IST)
Updated Date: Fri, 27 Nov 2026 03:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ਼ੇਰਪੁਰ : ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੂੰ ਅਜੇ ਸਮਾਂ ਬਾਕੀ ਹੈ, ਪਰ ਰਾਖਵੇਂ ਵਿਧਾਨ ਸਭਾ ਹਲਕੇ ਮਹਿਲ ਕਲਾਂ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਹੁਣੇ ਤੋਂ ਹੀ ਸਿਆਸੀ ਮੁਕਾਬਲਾ ਦਿਲਚਸਪ ਬਣਨ ਲੱਗਾ ਹੈ। ਹਲਕੇ ਤੋਂ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਇੱਕ-ਦੋ ਨਹੀਂ, ਸਗੋਂ ਦਰਜਨ ਦੇ ਕਰੀਬ ਆਗੂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਈ ਆਗੂ ਤਾਂ ਆਪਣੀ ਟਿਕਟ ਪੱਕੀ ਹੋਣ ਦੇ ਦਾਅਵੇ ਕਰਦੇ ਹੋਏ ਪਾਰਟੀ ਹਾਈਕਮਾਨ ਨਾਲ ਨੇੜਤਾ ਦਾ ਹਵਾਲਾ ਵੀ ਦੇ ਰਹੇ ਹਨ। ਹਾਲਾਤ ਇਹ ਹਨ ਕਿ ਅਜੇ ਪਾਰਟੀ ਵੱਲੋਂ ਉਮੀਦਵਾਰ ਦੀ ਚੋਣ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ, ਪਰ ਹਲਕੇ ਵਿੱਚ ਟਿਕਟ ਦੀ ਦੌੜ ਨੇ ਪਹਿਲਾਂ ਹੀ ਚੋਣ ਮਾਹੌਲ ਸਿਰਜ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਜ਼ੋਰ ਫੜ ਰਹੀ ਹੈ ਕਿ ਆਖ਼ਰ ਮਹਿਲ ਕਲਾਂ ਦੀ ਸੀਟ ਵਿੱਚ ਅਜਿਹਾ ਕੀ ਹੈ ਕਿ ਹਰ ਦੂਜਾ ਕਾਂਗਰਸੀ ਆਗੂ ਇੱਥੋਂ ਚੋਣ ਲੜਨ ਲਈ ਉਤਾਵਲਾ ਨਜ਼ਰ ਆ ਰਿਹਾ ਹੈ? ਕੀ ਸਾਰੇ ਦਾਅਵੇਦਾਰਾਂ ਨੂੰ ਹਲਕੇ ਵਿੱਚ ਆਪਣੀ ਜਿੱਤ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਜਾਂ ਫਿਰ ਇਹ ਟਿਕਟ ਹਾਸਲ ਕਰਨ ਲਈ ਸ਼ੁਰੂ ਕੀਤੀ ਗਈ ਸਿਆਸੀ ਤਾਕਤ ਅਜ਼ਮਾਉਣ ਦੀ ਮੁਹਿੰਮ ਹੈ? ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਕਾਂਗਰਸੀ ਆਗੂਆਂ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਲੋਕ ਸੰਪਰਕ ਵਧਾਉਣ, ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ, ਵਰਕਰਾਂ ਨਾਲ ਮੀਟਿੰਗਾਂ ਕਰਨ ਅਤੇ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਚੋਣਾਂ ਦਾ ਸਮਾਂ ਨੇੜੇ ਆਉਣ ਦੇ ਨਾਲ ਹੀ ਇਨ੍ਹਾਂ ਸਰਗਰਮੀਆਂ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਹਲਕੇ ਵਿੱਚ ਸਰਗਰਮ ਦਿਖਾਈ ਦੇ ਰਹੇ ਆਗੂਆਂ ਵਿੱਚ ਕਮਲਜੀਤ ਸਿੰਘ ਚੱਕ, ਯੂਥ ਆਗੂ ਬਨੀ ਖੈਰਾ, ਜਸਵੀਰ ਸਿੰਘ ਖੇੜੀ, ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੇਅਰੀ ਵਾਲਾ, ਸਾਬਕਾ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ, ਐਡਵੋਕੇਟ ਗੁਰਮੁੱਖ ਸਿੰਘ, ਐਡਵੋਕੇਟ ਬਲਦੇਵ ਸਿੰਘ ਪੇਧਨੀ, ਇਸਤਰੀ ਆਗੂ ਕਾਂਤਾ ਕੁਠਾਲਾ, ਡਾ. ਅਮਰਜੀਤ ਸਿੰਘ ਅਤੇ ਬਲਜੀਤ ਸਿੰਘ ਨਿਹਾਲੂਵਾਲ ਸਮੇਤ ਹੋਰ ਨਾਂ ਚਰਚਾ ਵਿੱਚ ਹਨ। ਹਰ ਆਗੂ ਆਪਣੇ ਪੱਧਰ ’ਤੇ ਹਲਕੇ ਵਿੱਚ ਪਕੜ ਮਜ਼ਬੂਤ ਕਰਨ ਅਤੇ ਪਾਰਟੀ ਵਰਕਰਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੋਸਟਰਾਂ ਤੇ ਹੋਰਡਿੰਗਜ਼ ਦੀ ਸਿਆਸਤ ਨੇ ਫੜਿਆ ਜ਼ੋਰ ਟਿਕਟ ਦੀ ਦੌੜ ਦਾ ਅਸਰ ਹੁਣ ਹਲਕੇ ਦੇ ਪਿੰਡਾਂ ਦੀਆਂ ਕੰਧਾਂ, ਪੁਲਾਂ ਅਤੇ ਹੋਰ ਜਨਤਕ ਥਾਵਾਂ ’ਤੇ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਲਗਵਾਏ ਗਏ ਪੋਸਟਰਾਂ ਅਤੇ ਫਲੈਕਸ ਬੋਰਡਾਂ ਨੇ ਸਿਆਸੀ ਚਰਚਾ ਨੂੰ ਹੋਰ ਗਰਮਾ ਦਿੱਤਾ ਹੈ। ਹਰ ਦਾਅਵੇਦਾਰ ਆਪਣੇ ਸਮਰਥਕਾਂ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਉਣ ਵਿੱਚ ਲੱਗਾ ਹੋਇਆ ਹੈ। ਕਈ ਆਗੂਆਂ ਵੱਲੋਂ ਹਾਈਕਮਾਨ ਨਾਲ ਨੇੜਤਾ ਅਤੇ ਮਿਲੇ ਕਥਿਤ ਅਸ਼ੀਰਵਾਦ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਆਮ ਲੋਕਾਂ ਵਿੱਚ ਇਹ ਸਵਾਲ ਵੀ ਉੱਠਣ ਲੱਗਾ ਹੈ ਕਿ ਚੋਣਾਂ ਨੇੜੇ ਆਉਂਦਿਆਂ ਹੀ ਸਰਗਰਮ ਹੋਣ ਵਾਲੇ ਕੁਝ ਆਗੂ ਪਿਛਲੇ ਸਾਲਾਂ ਦੌਰਾਨ ਲੋਕਾਂ ਦੇ ਮੁੱਦਿਆਂ ਅਤੇ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਿੰਨੇ ਸਰਗਰਮ ਰਹੇ ਹਨ। ਕੀ ਟਿਕਟ ਦਾ ਫੈਸਲਾ ਸਿਰਫ਼ ਪੋਸਟਰਾਂ, ਫਲੈਕਸਾਂ ਅਤੇ ਦਾਅਵਿਆਂ ਦੇ ਆਧਾਰ ’ਤੇ ਹੋਵੇਗਾ ਜਾਂ ਫਿਰ ਪਾਰਟੀ ਉਮੀਦਵਾਰ ਦੀ ਚੋਣ ਕਰਦਿਆਂ ਉਸ ਦੀ ਜ਼ਮੀਨੀ ਪਕੜ, ਲੋਕਾਂ ਵਿੱਚ ਸਵੀਕਾਰਤਾ, ਪਾਰਟੀ ਪ੍ਰਤੀ ਪੁਰਾਣੀ ਵਫ਼ਾਦਾਰੀ ਅਤੇ ਜਿੱਤਣ ਦੀ ਸਮਰੱਥਾ ਨੂੰ ਵੀ ਤਰਜੀਹ ਦੇਵੇਗੀ? ਇੱਕ ਟਿਕਟ, ਦਾਅਵੇਦਾਰ ਅਨੇਕ—ਹਾਈਕਮਾਨ ਲਈ ਹੋਵੇਗੀ ਅਸਲ ਪਰਖ ਸਿਆਸੀ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਦਾਅਵੇਦਾਰਾਂ ਦੀ ਵਧਦੀ ਗਿਣਤੀ ਕਾਂਗਰਸ ਲਈ ਇੱਕ ਪਾਸੇ ਹਲਕੇ ਵਿੱਚ ਸਰਗਰਮੀਆਂ ਦਾ ਸੰਕੇਤ ਹੈ, ਪਰ ਦੂਜੇ ਪਾਸੇ ਉਮੀਦਵਾਰ ਦੀ ਚੋਣ ਸਮੇਂ ਪਾਰਟੀ ਲਈ ਚੁਣੌਤੀ ਵੀ ਬਣ ਸਕਦੀ ਹੈ। ਕਿਉਂਕਿ ਇੱਕ ਹਲਕੇ ਤੋਂ ਇੱਕ ਹੀ ਉਮੀਦਵਾਰ ਨੂੰ ਟਿਕਟ ਮਿਲਣੀ ਹੈ, ਜਦਕਿ ਬਾਕੀ ਦਾਅਵੇਦਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਾਲ ਲੈ ਕੇ ਚੱਲਣਾ ਵੀ ਪਾਰਟੀ ਲਈ ਅਹਿਮ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਆਖ਼ਰ ਹਾਈਕਮਾਨ ਕਿਸ ਦਾਅਵੇਦਾਰ ’ਤੇ ਭਰੋਸਾ ਜਤਾਉਂਦੀ ਹੈ ਅਤੇ ਕੌਣ ਸਿਰਫ਼ ਟਿਕਟ ਦੀ ਦੌੜ ਵਿੱਚ ਹੀ ਰਹਿ ਜਾਂਦਾ ਹੈ। ਫਿਲਹਾਲ ਮਹਿਲ ਕਲਾਂ ਦੀ ਸਿਆਸਤ ਵਿੱਚ ਇੱਕ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ—ਟਿਕਟ ਮਹਿਲ ਕਲਾਂ ਤੋਂ ਕਾਂਗਰਸ ਦੀ ਟਿਕਟ ਦੇ ਚਰਚਿਤ ਦਾਅਵੇਦਾਰ ਕਮਲਜੀਤ ਸਿੰਘ ਚੱਕ ਜਸਵੀਰ ਸਿੰਘ ਖੇੜੀ ਬਨੀ ਖਹਿਰਾ (ਯੂਥ ਆਗੂ) ਐਡਵੋਕੇਟ ਬਲਦੇਵ ਸਿੰਘ ਪੇਧਨੀ ਗੁਰਮੇਲ ਸਿੰਘ ਮੌੜ ਕਾਂਤਾ ਕੁਠਾਲਾ (ਇਸਤਰੀ ਆਗੂ) ਐਡਵੋਕੇਟ ਗੁਰਮੁੱਖ ਸਿੰਘ ਜਰਨੈਲ ਸਿੰਘ ਠੁੱਲੀਵਾਲ (ਸਾਬਕਾ ਸੰਮਤੀ ਮੈਂਬਰ) ਡਾ. ਅਮਰਜੀਤ ਸਿੰਘ ਬਲਜੀਤ ਸਿੰਘ ਨਿਹਾਲੂਵਾਲ ਜਸਮੇਲ ਸਿੰਘ ਡੇਅਰੀ ਵਾਲਾ