- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਾਬੂਲਾ ’ਚ ਕੈਂਸਰ ਨਾਲ ਹੋਈਆਂ ਮੌਤਾਂ ਸਿਹਤ ਵਿਭਾਗ ਚੁੱਪ ਕਿਉਂ?

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਸ਼ੇਰਪੁਰ : ਪਿੰਡ ਕਾਲਾਬੂਲਾ ਵਿੱਚ ਕੈਂਸਰ ਕਾਰਨ ਹੋ ਰਹੀਆਂ ਮੌਤਾਂ ਅਤੇ ਕਈ ਹੋਰ ਵਿਅਕਤੀਆਂ ਦੇ ਇਸ ਬਿਮਾਰੀ ਨਾਲ ਜੂਝਣ ਦੇ ਦਾਅਵਿਆਂ ਨੇ ਪਿੰਡ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪਿੰਡ ਵਾਸੀਆਂ ਅਤੇ ਸਥਾਨਕ ਆਗੂਆਂ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਮੰਗ ਕੀਤੀ ਹੈ ਕਿ ਪਿੰਡ ਵਿੱਚ ਵਿਸ਼ੇਸ਼ ਸਿਹਤ ਜਾਂਚ ਕੈਂਪ ਲਾਇਆ ਜਾਵੇ, ਪੀਣ ਵਾਲੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਈ ਜਾਵੇ ਅਤੇ ਬਿਮਾਰੀ ਦੇ ਸੰਭਾਵੀ ਕਾਰਨਾਂ ਦਾ ਪਤਾ ਲਾਇਆ ਜਾਵੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਕੈਂਸਰ ਨਾਲ ਕਈ ਮੌਤਾਂ ਹੋਣ ਅਤੇ ਦਰਜਨਾਂ ਦੇ ਕਰੀਬ ਵਿਅਕਤੀਆਂ ਦੇ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੇ ਬਾਵਜੂਦ ਉਨ੍ਹਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਅਜੇ ਤੱਕ ਪਿੰਡ ਪੱਧਰ ’ਤੇ ਵਿਆਪਕ ਜਾਂਚ ਮੁਹਿੰਮ ਚਲਾਏ ਜਾਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਸਿਹਤ ਵਿਭਾਗ ਦੀ ਟੀਮ ਨੂੰ ਘਰ-ਘਰ ਜਾ ਕੇ ਮਰੀਜ਼ਾਂ ਦਾ ਵੇਰਵਾ ਇਕੱਠਾ ਕਰਨਾ ਚਾਹੀਦਾ ਹੈ, ਤਾਂ ਜੋ ਬਿਮਾਰੀ ਦੀ ਅਸਲ ਸਥਿਤੀ ਦਾ ਪਤਾ ਲੱਗ ਸਕੇ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਕਾਲਾਬੂਲਾ, ਕਥਾਵਾਚਕ ਗੁਰਪ੍ਰੀਤ ਸਿੰਘ ਅਤੇ ਨੌਜਵਾਨ ਆਗੂ ਲਖਬੀਰ ਸਿੰਘ ਲੱਖੀ ਨੇ ਕਿਹਾ ਕਿ ਪਿੰਡ ਵਿੱਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
-----
ਸਰਪੰਚ ਗੁਰਮੀਤ ਸਿੰਘ ਨੇ ਸਰਕਾਰ ’ਤੇ ਚੁੱਕੇ ਸਵਾਲ
ਸਰਪੰਚ ਗੁਰਮੀਤ ਸਿੰਘ ਸੰਧੂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਅੱਜ ਖਾਸ ਕਰ ਮਾਲਵੇ ਦੇ ਪਿੰਡਾਂ ਅੰਦਰ ਲੋਕ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਕਾਰਨ ਇਸ ਜਹਾਨ ਤੋਂ ਸਦਾ ਲਈ ਕੂਚ ਕਰ ਰਹੇ ਹਨ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਇਲਾਜ ਦੇਣ ਤੋਂ ਅਸਮਰੱਥ ਦਿਖਾਈ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਮੁਫਤ ਦੀਆਂ ਰਿਆੜੀਆਂ ਵੰਡਣ ਦੀ ਬਜਾਏ ਲੋਕਾਂ ਦੀਆਂ ਸਿਹਤ ਸਹੂਲਤਾਂ ਵੱਲ ਧਿਆਨ ਦੇਣ ਦੀ ਲੋੜ ਹੈ।
------
ਗਰੀਬ ਵਿਅਕਤੀ ਇਲਾਜ ਤੋਂ ਬਗੈਰ ਦਮ ਤੋੜਨ ਲੱਗੇ
ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਮੁੱਚੇ ਪੰਜਾਬ ਅੰਦਰ ਕੈਂਸਰ ਕਾਲਾ ਪੀਲੀਆ ਅਤੇ ਹੋਰ ਭਿਆਨਕ ਬਿਮਾਰੀਆਂ ਨਾਲ ਰੋਜ਼ਾਨਾ ਲੋਕ ਦਮ ਤੋੜ ਰਹੇ ਹਨ ਪ੍ਰੰਤੂ ਸਾਡੀਆਂ ਸਰਕਾਰਾਂ ਲੋਕਾਂ ਨੂੰ ਬਣਦਾ ਇਲਾਜ ਦੇਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਹੀਆਂ ਹਨ। ਉਨਾਂ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਅੰਦਰ ਲੋਕਾਂ ਦੀਆਂ ਹੋ ਰਹੀਆਂ ਕੈਂਸਰ ਵਰਗੀਆਂ ਬਿਮਾਰੀ ਨਾਲ ਮੌਤਾਂ ਦਾ ਸਿੱਧੇ ਤੌਰ ’ਤੇ ਜਿੰਮੇਵਾਰ ਦੱਸਿਆ।