ਆਖਿਰ ਕਦੋਂ ਖੁੱਲਣਗੇ ਸਿਵਲ ਹਸਪਤਾਲ ਦੇ ਬੰਦ ਗੇਟ ਆਖਿਰ ਕਦੋਂ ਖੁੱਲਣਗੇ ਸਿਵਲ ਹਸਪਤਾਲ ਦੇ ਬੰਦ ਗੇਟ
Publish Date: Sat, 10 Oct 2026 03:41 PM (IST)
Updated Date: Sun, 11 Oct 2026 04:02 AM (IST)
ਕੈਂਸਰ ਹਸਪਤਾਲ ਦਾ ਮੁੱਖ ਗੇਟ ਬੰਦ, ਮਰੀਜ਼ ਹੋ ਰਹੇ ਤੰਗ: ਹਰਪਾਲ ਸੋਨੂੰ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓਬੀਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਹਰਪਾਲ ਸਿੰਘ ਸੋਨੂੰ ਨੇ ਸਿਵਲ ਹਸਪਤਾਲ ਸੰਗਰੂਰ ਦੇ ਬੰਦ ਪਏ ਕੁਝ ਮੁੱਖ ਗੇਟਾਂ, ਖ਼ਾਸ ਕਰਕੇ ਕੈਂਸਰ ਹਸਪਤਾਲ ਦੇ ਮੁੱਖ ਗੇਟ, ਦਾ ਮਸਲਾ ਚੁੱਕਦਿਆਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹੁੰਦੇ ਹਨ, ਨਾ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਾਉਣ ਲਈ। ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਜੇਕਰ ਕੈਂਸਰ ਹਸਪਤਾਲ ਦਾ ਮੁੱਖ ਗੇਟ ਬੰਦ ਹੋਣ ਕਾਰਨ ਉਨ੍ਹਾਂ ਨੂੰ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ ਜਾਂ ਹਸਪਤਾਲ ਵਿੱਚ ਦਾਖ਼ਲ ਹੋਣ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ, ਤਾਂ ਇਹ ਮਾਮਲਾ ਗੰਭੀਰਤਾ ਨਾਲ ਵਿਚਾਰਨ ਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਗੇਟ ਕਿਸ ਕਾਰਨ ਬੰਦ ਰੱਖੇ ਗਏ ਹਨ, ਇਨ੍ਹਾਂ ਨੂੰ ਬੰਦ ਰੱਖਣ ਦਾ ਕੋਈ ਲਿਖਤੀ ਹੁਕਮ ਹੈ ਜਾਂ ਨਹੀਂ, ਅਤੇ ਇਨ੍ਹਾਂ ਨੂੰ ਖੋਲ੍ਹਣ ਲਈ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ। ਜੇਕਰ ਸੁਰੱਖਿਆ ਜਾਂ ਕਿਸੇ ਹੋਰ ਤਕਨੀਕੀ ਕਾਰਨ ਕਰਕੇ ਗੇਟ ਬੰਦ ਰੱਖਣੇ ਜ਼ਰੂਰੀ ਹਨ, ਤਾਂ ਵੀ ਮਰੀਜ਼ਾਂ, ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ ਅਤੇ ਐਮਰਜੈਂਸੀ ਸੇਵਾਵਾਂ ਲਈ ਸੁਚੱਜਾ ਤੇ ਸੁਖਾਲਾ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਸੰਗਰੂਰ, ਸਿਵਲ ਸਰਜਨ ਅਤੇ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ, ਬੰਦ ਗੇਟਾਂ ਦਾ ਮੌਕੇ ’ਤੇ ਨਿਰੀਖਣ ਕਰਨ ਅਤੇ ਜਿੱਥੇ ਸੰਭਵ ਹੋਵੇ, ਉੱਥੇ ਗੇਟ ਖੋਲ੍ਹਣ ਲਈ ਸਮਾਂਬੱਧ ਕਾਰਵਾਈ ਕਰਨ।