- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਮਾਲੇਰਕੋਟਲਾ ਦੀ ਨੁਹਾਰ ਬਦਲਾਂਗੇ : ਗੁਰਮੀਤ ਸਿੰਘ ਸੰਧੂ

ਆਜ਼ਾਦ ਉਮੀਦਵਾਰ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ; ਓਪੀਨੀਅਨ ਆਫ਼ ਪੰਜਾਬ ਨੇ ਦਿੱਤਾ ਸਮਰਥਨ
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ,
ਮਾਲੇਰਕੋਟਲਾ : ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੌਜਵਾਨ ਆਗੂ ਅਤੇ ਸਰਪੰਚ ਗੁਰਮੀਤ ਸਿੰਘ ਸੰਧੂ ਨੇ ਅੱਜ ਮਾਲੇਰਕੋਟਲਾ ਵਿਖੇ ਇਕੱਠ ਕਰਕੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਚੋਣ ਦਫ਼ਤਰ ਦਾ ਉਦਘਾਟਨ ਸੰਤ ਮਹਾਂਪੁਰਸ਼ ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲਿਆਂ ਅਤੇ ‘ਓਪੀਨੀਅਨ ਆਫ਼ ਪੰਜਾਬ’ ਦੇ ਫਾਊਂਡਰ ਹਿਮਾਂਸ਼ੂ ਪਾਠਕ ਵੱਲੋਂ ਸਾਂਝੇ ਤੌਰ ’ਤੇ ਗੁਰੂ ਮਹਾਰਾਜ ਦਾ ਓਟ-ਆਸਰਾ ਲੈਂਦਿਆਂ ਕੀਤਾ ਗਿਆ।
ਇਸ ਮੌਕੇ ਗੁਰਮੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਵਧਦਾ ਪ੍ਰਕੋਪ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨਸ਼ਿਆਂ ਕਾਰਨ ਪੀੜਤ ਪਰਿਵਾਰਾਂ ਦੇ ਦਰਦ ਨੂੰ ਸਮਝਦਿਆਂ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਇਸ ਸਮੱਸਿਆ ਦੇ ਖ਼ਾਤਮੇ ਲਈ ਮੁਹਿੰਮ ਚਲਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਪਹਿਲ ਦੇ ਕੇ ਨੌਜਵਾਨਾਂ ਨੂੰ ਮੁਫ਼ਤ ਵਿੱਦਿਆ ਮੁਹੱਈਆ ਕਰਵਾਉਣਾ ਵੀ ਉਨ੍ਹਾਂ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹੈ। ਇਸ ਮਕਸਦ ਲਈ ਉਹ ਆਪਣੀ 11 ਬਿੱਘੇ ਜ਼ਮੀਨ ਦਾਨ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਪਿੰਡ ਵਿੱਚ ਲੋੜਵੰਦ ਲੜਕੀਆਂ ਨੂੰ ਸ਼ਗਨ ਵਜੋਂ 21 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਇਸ ਉਪਰਾਲੇ ਨੂੰ ਮਾਲੇਰਕੋਟਲਾ ਹਲਕੇ ਵਿੱਚ ਵੀ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ।
ਸੰਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਔਰਤਾਂ ਦੇ ਹੱਕਾਂ ਦੀ ਪ੍ਰਾਪਤੀ ਲਈ ਹਰ ਸੰਭਵ ਕਾਨੂੰਨੀ ਲੜਾਈ ਲੜਨਗੇ। ਉਨ੍ਹਾਂ ਦਾਅਵਾ ਕੀਤਾ ਕਿ ਮਾਲੇਰਕੋਟਲਾ ਦੀਆਂ ਲਗਭਗ 70 ਹਜ਼ਾਰ ਔਰਤਾਂ ਨੂੰ ਵਾਅਦੇ ਅਨੁਸਾਰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਹਿਸਾਬ ਨਾਲ ਕੁੱਲ 420 ਕਰੋੜ ਰੁਪਏ ਬਣਦੇ ਹਨ।
ਇਸ ਮੌਕੇ ‘ਓਪੀਨੀਅਨ ਆਫ਼ ਪੰਜਾਬ’ ਦੇ ਸੰਸਥਾਪਕ ਹਿਮਾਂਸ਼ੂ ਪਾਠਕ ਨੇ ਕਿਹਾ ਕਿ ਪੰਜਾਬ ਵਿੱਚ ਰਾਜ ਕਰ ਚੁੱਕੀਆਂ ਵੱਖ-ਵੱਖ ਸਰਕਾਰਾਂ ਨੇ ਨਵੀਂ ਲੀਡਰਸ਼ਿਪ ਤਿਆਰ ਕਰਨ ਦੀ ਬਜਾਏ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਨੂੰ ਹੀ ਸਿਆਸੀ ਸਰਗਰਮੀਆਂ ਤੱਕ ਸੀਮਤ ਰੱਖਿਆ ਹੈ। ਉਨ੍ਹਾਂ ਕਿਹਾ ਕਿ ‘ਓਪੀਨੀਅਨ ਆਫ਼ ਪੰਜਾਬ’ ਦਾ ਉਦੇਸ਼ ਪਿੰਡਾਂ ਅਤੇ ਵਾਰਡਾਂ ਦੇ ਪੱਧਰ ’ਤੇ ਲੋਕਾਂ ਦੀ ਅਗਵਾਈ ਕਰਨ ਦੇ ਸਮਰੱਥ ਨਵੇਂ ਆਗੂ ਤਿਆਰ ਕਰਨਾ ਹੈ।
ਓਪੀਨੀਅਨ ਆਫ ਪੰਜਾਬ ਫਾਊਂਡਰ ਹਿਮਾਂਸੂ ਪਾਠਕ ਨੇ ਇੱਥੇ ਰਾਜ ਕਰ ਚੁੱਕੀਆਂ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਟਕਸਾਲੀ ਆਗੂਆਂ ਵਰਕਰਾਂ ਨੂੰ ਹਮੇਸ਼ਾ ਹੀ ਦਰ ਕਿਨਾਰੇ ਕੀਤਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ 13,252 ਪਿੰਡਾਂ, 2,151 ਵਾਰਡਾਂ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਕੰਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਸੰਧੂ ਨੂੰ ‘ਓਪੀਨੀਅਨ ਆਫ਼ ਪੰਜਾਬ’ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਸੰਸਥਾ ਦੀ 400 ਤੋਂ 500 ਵਲੰਟੀਅਰਾਂ ਦੀ ਟੀਮ ਅਗਲੇ ਸੱਤ ਤੋਂ ਦਸ ਦਿਨਾਂ ਵਿੱਚ ਪਿੰਡਾਂ ਦੇ ਪੱਧਰ ’ਤੇ ਸਰਗਰਮ ਹੋਵੇਗੀ। ਇਸ ਦੌਰਾਨ ਪਿੰਡਾਂ ਅਤੇ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਮਨੋਰਥ ਪੱਤਰ ਤਿਆਰ ਕੀਤੇ ਜਾਣਗੇ, ਤਾਂ ਜੋ ਚੋਣ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀਵਨ ਲਾਲ, ਸਾਬਕਾ ਸਰਪੰਚ ਗੁਰਜੀਤ ਸਿੰਘ ਚੰਗਲੀ,ਬਾਪੂ ਝੰਡਾ ਸਿੰਘ ਕਲਿਆਣ, ਸਾਬਕਾ ਚੇਅਰਮੈਨ ਜਸਵੰਤ ਸਿੰਘ ਬਾਲੀਆਂ, ਨੌਜਵਾਨ ਆਗੂ ਸੀਰਾ ਮਾਹਮਦਪੁਰ ਅਤੇ ਸਾਬਕਾ ਸਰਪੰਚ ਸੁਖਮਿੰਦਰ ਸਿੰਘ ਰੂੜਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਲੇਰਕੋਟਲਾ ਵਾਸੀ ਹਾਜ਼ਰ ਸਨ।