- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਗਰਜੇ ਚੌਕੀਦਾਰ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ,
ਸੁਨਾਮ : ਮਿਹਨਤਾਨੇ ਵਿੱਚ ਵਾਧਾ ਕਰਨ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਪੇਂਡੂ ਚੌਕੀਦਾਰਾਂ ਨੇ ਕਾਲੇ ਝੰਡੇ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਲਾਰੇ ਲਾ ਕੇ ਡੰਗ ਟਪਾਈ ਕਰ ਰਹੀ ਹੈ। ਅਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ, ਅਮਰਜੀਤ ਸਿੰਘ ਰੋਪੜ, ਗੁਰਪ੍ਰੀਤ ਸਿੰਘ ਜਖੇਪਲ, ਜਰਨੈਲ ਸਿੰਘ ਲੱਡੀ, ਹਾਕਮ ਸਿੰਘ ਹਰਿਆਊ, ਜਗਦੇਵ ਸਿੰਘ ਅਤੇ ਕਾਹਨ ਸਿੰਘ ਜੱਖਲਾਂ ਨੇ ਆਖਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਨਿਯੁਕਤ ਕੀਤੇ ਪੇਂਡੂ ਚੌਕੀਦਾਰ ਹਨ। ਜਿਹੜ੍ਹੇ 1500/-ਰੁਪਏ ਮਿਹਨਤਾਨੇ ਤੇ 24 ਘੰਟੇ ਦੇ ਰੈਗੂਲਰ ਮੁਲਾਜ਼ਮ ਹਨ । ਸਰਕਾਰ ਘੱਟੋ-ਘੱਟ ਡੀਸੀ ਰੇਟ ਦੀ ਤਨਖਾਹ ਦੇਵੇ ਅਤੇ 8 ਘੰਟਿਆਂ ਤੋਂ ਵੱਧ ਡਿਊਟੀ ਦੇਣ ਦੇ ਬਦਲੇ ਚੌਕੀਦਾਰ ਨੂੰ ਓਵਰ ਟਾਈਮ ਭੱਤੇ ਵੀ ਦਿੱਤੇ ਜਾਣ। ਉਨ੍ਹਾਂ ਆਖਿਆ ਕਿ ਪੇਂਡੂ ਚੌਕੀਦਾਰ ਹਰ ਇੱਕ ਇਲੈਕਸ਼ਨ ਦੇ ਵਿੱਚ ਜਿੰਨੇ ਦਿਨ ਦਾ ਚੋਣ ਪ੍ਰਸੈਸ ਚਲਦਾ ਹੈ ਉਸ ਵਿੱਚ ਇਮਾਨਦਾਰੀ ਨਾਲ ਕੰਮ ਕਰਦੇ ਹਨ। ਜਿਸ ਦੇ ਬਦਲੇ ਪੇਂਡੂ ਚੌਕੀਦਾਰਾਂ ਨੂੰ ਕੋਈ ਵੀ ਭੱਤਾ ਨਹੀਂ ਮਿਲਦਾ। ਜਦੋਂ ਕਿ ਇਲੈਕਸ਼ਨ ਦੌਰਾਨ ਹੋਰ ਮੁਲਾਜ਼ਮਾਂ ਨੂੰ ਇਲੈਕਸ਼ਨ ਭੱਤੇ ਦਿੱਤੇ ਜਾਂਦੇ ਹਨ ਸਰਕਾਰ ਦਾ ਅਜਿਹਾ ਵਰਤਾਰਾ ਪੇਂਡੂ ਚੌਕੀਦਾਰਾਂ ਨਾਲ ਵਿਤਕਰਾ ਹੈ। ਪੇਂਡੂ ਚੌਕੀਦਾਰਾਂ ਨੂੰ ਵੀ ਇਲੈਕਸ਼ਨ ਭੱਤਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਚੌਕੀਦਾਰਾਂ ਨੂੰ ਡਿਊਟੀ ਦੌਰਾਨ ਵਰਦੀ ਸਮੇਤ ਲੋੜੀਂਦੀਆਂ ਵਸਤਾਂ ਮੁਹਈਆ ਕਰਵਾਈਆਂ ਜਾਣ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬਾ ਹਰਿਆਣਾ ਵਿੱਚ ਪੇਂਡੂ ਚੌਕੀਦਾਰਾਂ ਨੂੰ 11000/-ਰੁਪਏ ਪ੍ਰਤੀ ਮਹੀਨਾ, 4000/-ਰੁਪਏ ਵਰਦੀ ਭੱਤਾ, 2500/-ਰੁਪਏ ਡੰਡਾ ਬੈਟਰੀ ਭੱਤਾ ਵੀ ਦਿੱਤਾ ਜਾਂਦਾ ਹੈ। ਪੇਂਡੂ ਚੌਕੀਦਾਰ ਦੀ ਰਿਟਾਇਰਮੈਂਟ ਤੇ 2,00,000/-ਰੁਪਏ ਸਿਹਤ ਬੀਮਾ, 3,00,000/-ਰੁਪਏ ਅਤੇ ਈਪੀਐਫ ਫੰਡ ਵੀ ਕੱਟਿਆ ਜਾਂਦਾ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਧਰਨੇ ਵਿੱਚ ਪੁੱਜਕੇ ਚੌਕੀਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਹ ਚੌਕੀਦਾਰ ਯੂਨੀਅਨ ਦੀਆਂ ਮੰਗਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣਗੇ।