- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵਜੀਤ ਨੇ ਚਮਕਾਇਆ ਪੰਜਾਬ ਦਾ ਫੁੱਟਬਾਲ ਖੇਡਾਂ 'ਚ ਨਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ਼ੇਰਪੁਰ : ਉੱਤਰ ਪ੍ਰਦੇਸ਼ ਦੇ ਸ਼ਹਿਰ ਬਲੀਆ ਵਿੱਚ 2 ਤੋਂ 6 ਨਵੰਬਰ ਤੱਕ ਕਰਵਾਈਆਂ ਗਈਆਂ 70ਵੀਆਂ ਸਕੂਲ ਨੈਸ਼ਨਲ ਖੇਡਾਂ ਦੇ ਅੰਡਰ-17 ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ। ਇਸ ਕਾਮਯਾਬੀ ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਹਮਦਪੁਰ ਦੇ ਹੋਣਹਾਰ ਖਿਡਾਰੀ ਵਿਸ਼ਵਜੀਤ ਸਿੰਘ ਰੰਧਾਵਾ ਪੁੱਤਰ ਕੁਲਵਿੰਦਰ ਸਿੰਘ ਨੇ ਵੀ ਅਹਿਮ ਯੋਗਦਾਨ ਪਾਇਆ। ਉਸ ਨੇ ਪੰਜਾਬ ਦੀ ਟੀਮ ਵੱਲੋਂ ਖੇਡਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁਕਾਬਲਿਆਂ ਦੌਰਾਨ ਪੰਜਾਬ ਦੀ ਟੀਮ ਨੇ ਪੂਲ ਮੈਚਾਂ ਵਿੱਚ ਗੋਆ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਨੂੰ ਮਾਤ ਦੇ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾਈ। ਇਸ ਤੋਂ ਬਾਅਦ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਪੱਛਮੀ ਬੰਗਾਲ ਦੀ ਟੀਮ ਨੂੰ ਹਰਾ ਕੇ ਕਾਂਸੀ ਦਾ ਸਥਾਨ ਹਾਸਲ ਕੀਤਾ।
ਵਿਸ਼ਵਜੀਤ ਸਿੰਘ ਰੰਧਾਵਾ ਦੀ ਇਸ ਪ੍ਰਾਪਤੀ ਦੀ ਖ਼ਬਰ ਪਿੰਡ ਮਾਹਮਦਪੁਰ ਪਹੁੰਚਣ 'ਤੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਪਹੁੰਚਣ 'ਤੇ ਸ਼ਹੀਦ ਊਧਮ ਸਿੰਘ ਕਲੱਬ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਅਤੇ ਨੌਜਵਾਨ ਸਪੋਰਟਸ ਕਲੱਬ ਦੇ ਮੈਂਬਰਾਂ ਵੱਲੋਂ ਢੋਲ ਵਜਾ ਕੇ, ਹਾਰ ਪਾ ਕੇ ਅਤੇ ਕੱਪ ਤੇ ਟਰਾਫੀ ਨਾਲ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਉੱਘੇ ਸਮਾਜ ਸੇਵੀ ਪਿਆਰਾ ਸਿੰਘ ਮਾਹਮਦਪੁਰ ਨੇ ਵੀ ਵਿਸ਼ਵਜੀਤ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖਾਲਸਾ, ਮੇਲ ਮਾਹਮਦਪੁਰ, ਖਲੀਲ ਮੁਹੰਮਦ, ਇੰਦਰਜੀਤ ਸਿੰਘ ਕਾਲੂ, ਗੁਰਦੀਪ ਸਿੰਘ ਬੂਟਾ, ਮਾਸਟਰ ਰੇਸ਼ਮ ਸਿੰਘ, ਜਗਦੀਪ ਸਿੰਘ, ਵਿੱਕੀ ਸਿੰਘ, ਜਸ਼ਨ, ਤੇਜਵਿੰਦਰ ਸਿੰਘ, ਕੁਲਵਿੰਦਰ ਸਿੰਘ ਜੈਲਦਾਰ, ਬੂਟਾ ਖਾਨ, ਮਾਸਟਰ ਕੇਵਲ ਸਿੰਘ, ਜਾਇਦ ਅਤੇ ਅਮਰੀਸ਼ ਹਾਜ਼ਰ ਸਨ। ਪਿੰਡ ਵਾਸੀਆਂ ਨੇ ਕਿਹਾ ਕਿ ਵਿਸ਼ਵਜੀਤ ਦੀ ਇਹ ਪ੍ਰਾਪਤੀ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ ਅਤੇ ਅਜਿਹੀਆਂ ਪ੍ਰਾਪਤੀਆਂ ਨਾਲ ਪਿੰਡ ਦਾ ਮਾਣ ਹੋਰ ਵਧਿਆ ਹੈ।