- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਮੌਸਮੀ ਬਾਰਿਸ਼ ਨੇ ਝੋਨੇ ਦੀ ਫਸਲ ਧਰਤੀ ’ਤੇ ਵਿਛਾਈ, ਭਾਰੀ ਨੁਕਸਾਨ

ਬਾਰਿਸ਼ ਆੜ੍ਹਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਨੁਕਸਾਨ ਦੇਹ : ਰੱਬੜ
ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਐਤਵਾਰ ਸਵੇਰੇ 8 ਵਜੇ ਤੋਂ ਦੁਪਹਿਰ ਤੱਕ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਅਨਾਜ ਮੰਡੀਆਂ ਵਿੱਚ ਆਈ ਝੋਨੇ ਦੀ ਫਸਲ ਵੀ ਖਰਾਬ ਹੋ ਰਹੀ ਹੈ, ਉਥੇ ਹੀ ਝੋਨੇ ਦੀਆਂ ਭਰੀਆਂ ਹੋਈਆਂ ਬੋਰੀਆਂ ਵੀ ਭਿੱਜ ਗਈਆਂ ਹਨ, ਇਸ ਤੋਂ ਇਲਾਵਾ ਖੇਤਾਂ ਵਿੱਚ ਅਗੇਤੀ ਪਰਮਲ ਅਤੇ ਬਾਸਮਤੀ ਝੋਨੇ ਦੀ ਫਸਲ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ।
ਇਸ ਸਬੰਧੀ ਪਿੰਡ ਖੰਡੇਬਾਦ ਦੇ ਮੌਜੂਦਾ ਪੰਚ ਬਲਜਿੰਦਰ ਸਿੰਘ, ਪਿੰਡ ਲੇਹਲ ਕਲਾਂ ਦੇ ਸਰਪੰਚ ਗੁਰਜੀਤ ਸਿੰਘ ਫੌਜੀ, ਸਰਪੰਚ ਜਸਪਾਲ ਕੁਮਾਰ ਕਾਲਾ, ਮਲਕੀਤ ਸਿੰਘ ਸਰਪੰਚ ਪਿੰਡ ਬੱਲਰਾਂ, ਹਰਜਿੰਦਰ ਸਿੰਘ ਜਵਾਹਰਵਾਲਾ ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਬਾਰਿਸ਼ ਬਿਲਕੁਲ ਬੇਮੌਸਮੀ ਹੈ, ਇਨਾਂ ਦਿਨਾਂ ਵਿੱਚ ਮੌਸਮ ਬਿਲਕੁਲ ਸਾਫ ਚਾਹੀਦਾ ਹੈ ਅਤੇ ਧੁੱਪ ਕਾਰਨ ਝੋਨੇ ਦੀ ਫਸਲ ਵਿੱਚ ਸਿਲ ਨਹੀਂ ਰਹਿੰਦੀ ਅਤੇ ਆਉਣ ਸਾਰ ਵਿਕ ਜਾਂਦੀ ਹੁੰਦੀ ਹੈ, ਪ੍ਰੰਤੂ ਇਸ ਵਾਰ ਕੁਦਰਤ ਦੀ ਕਰੋਪੀ ਕਾਰਨ ਅਜਿਹਾ ਨਹੀਂ ਹੋ ਰਿਹਾ, ਸਗੋਂ ਬੱਦਲਵਾਈ ਅਤੇ ਅੱਜ ਦੀ ਬਰਸਾਤ ਕਾਰਨ ਜਿੱਥੇ ਖੜ੍ਹੀਆਂ ਫਸਲਾਂ ਦਾ ਭਾਰੀ ਨੁਕਸਾਨ ਹੈ ਉਥੇ ਹੀ ਮੰਡੀ ਵਿੱਚ ਪਏ ਝੋਨੇ ਦੀ ਫਸਲ ਵਿੱਚ ਸਿਲ ਦਾ ਵਧਣਾ ਯਕੀਨੀ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕਰਦਿਆਂ ਕਿਹਾ, ਕਿ ਖੇਤਾਂ ਵਿੱਚ ਪਾਣੀ ਖੜ੍ਹ ਗਿਆ ਹੈ। ਫਸਲ ਡਿੱਗਣ ਕਾਰਨ ਝੋਨੇ ਦੀਆਂ ਮੁੰਜਰਾਂ ਜੇਕਰ ਪਾਣੀ ਵਿੱਚ ਕਈ ਦਿਨ ਪਈਆਂ ਰਹੀਆਂ ਤਾਂ ਇਹ ਮੁੰਜਰਾਂ ਗਲ ਜਾਣ ਕਾਰਨ ਫਸਲ ਦਾ ਕਾਫੀ ਨੁਕਸਾਨ ਹੋਵੇਗਾ, ਕਿਉਂਕਿ ਪਾਣੀ ਜਲਦੀ ਨਾ ਸੁੱਕਣ ਦੀ ਵਜਹਾ ਕਾਰਨ ਅਜੇ ਕੰਬਾਇਨਾਂ ਵੀ ਹਫਤਾ ਭਰ ਨਹੀਂ ਚੱਲ ਸਕਦੀਆਂ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰਬੜ ਨੇ ਵੀ ਫਿਕਰ ਜਤਾਉਂਦਿਆਂ ਕਿਹਾ, ਕਿ ਜਿੱਥੇ ਕਿਸਾਨਾਂ ਦੀ ਮੂੰਹ ਪੈਂਦੀ ਰੋਜੀ ਹੈ ਉੱਥੇ ਆੜਤੀਏ ਵੀ ਇਸ ਫਸਲ ਦੀ ਉਡੀਕ ਵਿੱਚ ਹਨ ਤਾਂ ਜੋ ਉਨਾਂ ਵੱਲੋਂ ਬੈਂਕਾਂ ਦੀਆਂ ਲਿਮਿਟਾਂ ਅਤੇ ਹੋਰ ਕਿਤੋਂ ਫੜਿਆ ਪੈਸਾ ਉੱਤਾਰਿਆ ਜਾ ਸਕੇ। ਇਹ ਮੌਸਮੀ ਬਾਰਸ ਕਾਰਨ ਆੜਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦਾ ਵੀ ਨੁਕਸਾਨ ਹੈ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਕਿਸਾਨੀ ਹੀ ਆਰਥਿਕਤਾ ਦਾ ਅਸਲੀ ਧੁਰਾ ਹੈ।