
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਧਦੀ ਮਹਿੰਗਾਈ ਤੇ ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਕਰਾਂਗੇ ਤੇਜ਼ : ਖੋਖਰ

ਸ਼ੰਭੂ ਗੋਇਲ, ਪੰਜਾਬੀ ਜਾਗਰਣ,
ਲਹਿਰਾਗਾਗਾ : ਪੰਜਾਬ ਸਰਕਾਰ ਹਰ ਰੋਜ਼ ਮਜ਼ਦੂਰਾਂ ’ਤੇ ਤਸ਼ੱਦਦ ਢਾਹ ਰਹੀ ਹੈ। ਘਰੇਲੂ ਵਰਤੋਂ ਵਾਲੀਆਂ ਵਸਤਾਂ ਜਿਵੇਂ ਖੰਡ, ਸ਼ੱਕਰ, ਘਿਓ ਅਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਮਰਵੇਲ ਵਾਂਗ ਵਧ ਰਹੀਆਂ ਹਨ, ਜਿਸ ਨੇ ਮਿਹਨਤਕਸ਼ ਅਤੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ ਇਹ ਵਿਚਾਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੇ ਜੀਪੀਐੱਫ ਧਰਮਸ਼ਾਲਾ ਵਿੱਚ ਨਿਰਮਲ ਸਿੰਘ ਭਟਾਲ ਕਲਾਂ ਦੀ ਅਗਵਾਈ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਿੱਟੂ ਸਿੰਘ ਖੋਖਰ ਨੇ ਪ੍ਰਗਟ ਕੀਤੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਛੱਡ ਕੇ ਲੋਕ-ਪੱਖੀ ਨੀਤੀਆਂ ਲਾਗੂ ਕਰਨ ਅਤੇ ਜ਼ਰੂਰੀ ਵਸਤਾਂ ਦੇ ਭਾਅ ਤੁਰੰਤ ਕਾਬੂ ਹੇਠ ਲਿਆਉਣ। ਇਸ ਸਮੇਂ ਆਗੂਆਂ ਵੱਲੋਂ ਅਹਿਮ ਫ਼ੈਸਲੇ ਲੈਂਦਿਆਂ ਜਲੰਧਰ ਰੈਲੀ ਵਿਚ 20 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਨੂੰ ਸਫ਼ਲ ਬਣਾਉਣ ਲਈ, 10 ਅਤੇ 11 ਸਤੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਤੋਂ ਇਲਾਵਾ ਜਥੇਬੰਦੀ ਦੀ ਮਜ਼ਬੂਤੀ ਲਈ ਜ਼ਿਲ੍ਹਾ ਅਤੇ ਬਲਾਕ ਪੱਧਰੀ ਇਜਲਾਸ ਜਲਦ ਕਰਵਾਉਣ ਦਾ ਫ਼ੈਸਲਾ ਵੀ ਲਿਆ ਗਿਆ। ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਪੱਤਰਕਾਰ ਮਨਜਿੰਦਰਜੀਤ ਸਿੱਧੂ ’ਤੇ ਦਰਜ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਅਖ਼ੀਰ ਵਿੱਚ ਕਾਮਰੇਡ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫ਼ੇਲ੍ਹ ਸਾਬਿਤ ਹੋ ਚੁੱਕੀ ਹੈ।
ਇਸ ਮੌਕੇ ਮੀਟਿੰਗ ਵਿੱਚ ਜ਼ਿਲ੍ਹਾ ਆਗੂ ਬਾਬਾ ਘੁਮੰਡ ਸਿੰਘ ਉਗਰਾਹਾਂ, ਮਨਜੀਤ ਕੌਰ ਆਲੋਅਰਖ, ਕਾਮਰੇਡ ਕੁਲਵੰਤ ਛਾਜਲੀ, ਕਾਮਰੇਡ ਰਣਜੀਤ ਸਿੰਘ, ਅਮਨੀ ਲਹਿਰਾ, ਕਾਕਾ ਸਿੰਘ ਗਾਗਾ, ਸਤਨਾਮ ਸਿੰਘ ਰੇਤਗੜ੍ਹ, ਪੱਪੂ ਖੋਖਰ ਕਲਾਂ, ਨਾਥ ਸਿੰਘ ਛਾਜਲੀ, ਸਾਧਾ ਸਿੰਘ ਖ਼ਾਲਸਾ ਸੁਨਾਮ ਅਤੇ ਜੰਟੀ ਛਾਜਲੀ, ਮਾ : ਪ੍ਰੇਮ ਸਰੂਪ ਸਿੰਘ ਉਗਰਾਹਾਂ, ਮੰਗਲ ਸਿੰਘ ਛਾਜਲੀ ਹਾਜ਼ਰ ਸਨ।