- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਅਤਰ ਸਿੰਘ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੂੰ ਵਰਦੀਆਂ ਭੇਂਟ

ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਵੱਲੋਂ ਸਲਾਘਾਯੋਗ ਉਪਰਾਲਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਰੂਹਾਨੀਅਤ ਅਤੇ ਵਿੱਦਿਆ ਦੇ ਕੇਂਦਰ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਗਈਆਂ ਵਰਦੀਆਂ ਭੇਟ ਕੀਤੀਆਂ ਗਈਆਂ। ਇਹ ਉਪਰਾਲਾ ਵਿਦਿਆਰਥੀਆਂ ਨੂੰ ਧਾਰਮਿਕ ਰਹਿਣੀ-ਬਹਿਣੀ ਅਤੇ ਅਨੁਸ਼ਾਸਨ ਨਾਲ ਜੋੜਨ ਲਈ ਅਕਾਲ ਕਾਲਜ ਕੌਂਸਲ ਦੇ ਵਿਸ਼ੇਸ਼ ਸਹਿਯੋਗ ਸਦਕਾ ਨੇਪਰੇ ਚੜ੍ਹਿਆ ਹੈ।
ਇਸ ਸਮੁੱਚੇ ਕਾਰਜ ਨੂੰ ਸਿਰੇ ਚੜ੍ਹਾਉਣ ਵਿੱਚ ਅਕਾਲ ਕਾਲਜ ਕੌਂਸਲ, ਗੁਰਸਾਗਰ ਮਸਤੂਆਣਾ ਸਾਹਿਬ ਅਤੇ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਅਗਵਾਈ ਅਤੇ ਵਿਸ਼ੇਸ਼ ਯੋਗਦਾਨ ਦੀ ਅਹਿਮ ਭੂਮਿਕਾ ਰਹੀ ਹੈ। ਅਕਾਲ ਕਾਲਜ ਕੌਂਸਲ ਵੱਲੋਂ ਜਿੱਥੇ ਇਨ੍ਹਾਂ ਵਰਦੀਆਂ ਦੀ ਸਿਲਾਈ ਦੀ ਮੁੱਖ ਸੇਵਾ ਨਿਭਾਈ ਗਈ, ਉੱਥੇ ਹੀ ਵਿਦਿਆਰਥੀਆਂ ਦੀ ਭਲਾਈ ਅਤੇ ਸੰਸਥਾ ਦੇ ਵਿਕਾਸ ਲਈ ਕੌਂਸਲ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਵਰਦੀਆਂ ਲਈ ਲੋੜੀਂਦੇ ਬਸਤਰਾਂ ਦੀ ਸੇਵਾ ਭਾਈ ਰਣਜੀਤ ਸਿੰਘ ਅਤੇ ਪ੍ਰੋਫੈਸਰ ਗੁਰਤੇਜ ਸਿੰਘ (ਸੰਗੀਤ ਅਧਿਆਪਕ) ਵੱਲੋਂ ਨਿਭਾਈ ਗਈ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾਇਰੈਕਟਰ ਗੁਰਵੀਰ ਸਿੰਘ ਸੋਹੀ, ਪ੍ਰਿੰਸੀਪਲ ਜਸਵੀਰ ਸਿੰਘ ਧੂਰਾ, ਪ੍ਰੋਫੈਸਰ ਜਸਪ੍ਰੀਤ ਸਿੰਘ, ਹਜੂਰੀ ਕਥਾਵਾਚਕ ਮਸਤੂਆਣਾ ਸਾਹਿਬ ਭਾਈ ਜਸਵਿੰਦਰ ਸਿੰਘ, ਭਾਈ ਅਜਾਇਬ ਸਿੰਘ ਅਤੇ ਫਾਰਮੇਸੀ ਕਾਲਜ ਤੋਂ ਰਣਜੀਤ ਸਿੰਘ ਹਾਜ਼ਰ ਸਨ। ਸਮਾਗਮ ਦੌਰਾਨ ਹਾਜ਼ਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਸੰਤ ਅਤਰ ਸਿੰਘ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਅਤੇ ਵਿਦਿਆ ਦੇ ਨਾਲ-ਨਾਲ ਗੁਰਮਤਿ ਜੀਵਨ ਜਾਚ ਨੂੰ ਅਪਣਾਉਣ ਦੀ ਪ੍ਰੇਰਨਾ ਦਿੱਤੀ।