ਸ਼ਹਿਰ ’ਚ ਸੀਵਰੇਜ ਦੇ ਉੱਚੇ-ਨੀਵੇਂ ਢੱਕਣ ਬਣ ਰਹੇ ਹਾਦਸਿਆਂ ਦਾ ਕਾਰਨ ਸ਼ਹਿਰ 'ਚ ਸੀਵਰੇਜ ਦੇ ਉੱਚੇ-ਨੀਵੇਂ ਢੱਕਣ ਬਣ ਰਹੇ ਹਾਦਸਿਆਂ ਦਾ ਕਾਰਨ
Publish Date: Sun, 29 Nov 2026 03:47 PM (IST)
Updated Date: Sun, 29 Nov 2026 03:49 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸ਼ਹਿਰ ’ਚੋਂ ਲੰਘਦੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਦੋਵੇਂ ਪਾਸੇ ਵਾਲੇ ਸਰਵਿਸ ਰੋਡ ’ਤੇ ਬਣੇ ਸੀਵਰੇਜ ਦੇ ਉੱਚੇ-ਨੀਵੇਂ ਢੱਕਣ ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ। ਕਈ ਥਾਵਾਂ ’ਤੇ ਇਹ ਢੱਕਣ ਸੜਕ ਦੇ ਲੈਵਲ ਤੋਂ ਕਾਫ਼ੀ ਉੱਚੇ ਹਨ, ਜਦਕਿ ਕੁਝ ਥਾਵਾਂ ’ਤੇ ਸੜਕ ਤੋਂ ਨੀਵੇਂ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਘੇ ਸਮਾਜ ਸੇਵੀ ਅਤੇ (ਟਰੀ ਮੈਨ) ਦੇ ਨਾਮ ਨਾਲ ਜਾਣੇ ਜਾਂਦੇ ਮਨਦੀਪ ਬਾਂਸਲ ਨੇ ਦੱਸਿਆ ਕਿ ਇਹ ਸਮੱਸਿਆ ਸਿਰਫ਼ ਆਵਾਜਾਈ ਵਿੱਚ ਰੁਕਾਵਟ ਤੱਕ ਸੀਮਤ ਨਹੀਂ, ਸਗੋਂ ਪਹਿਲਾਂ ਵੀ ਇਨ੍ਹਾਂ ਉੱਚੇ-ਨੀਵੇਂ ਸੀਵਰੇਜ ਢੱਕਣਾਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਇੱਕ-ਦੋ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਸਬੰਧਤ ਵਿਭਾਗ ਵੱਲੋਂ ਇਸ ਸਮੱਸਿਆ ਦਾ ਪੱਕਾ ਹੱਲ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਰਾਤ ਸਮੇਂ ਇਨ੍ਹਾਂ ਢੱਕਣਾਂ ਦਾ ਪਤਾ ਨਾ ਲੱਗਣ ਕਾਰਨ ਦੋਪਹੀਆ ਵਾਹਨ ਚਾਲਕਾਂ ਲਈ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਜੇਕਰ ਭਵਿੱਖ ਵਿੱਚ ਇਨ੍ਹਾਂ ਢੱਕਣਾਂ ਕਾਰਨ ਕੋਈ ਹੋਰ ਜਾਨਲੇਵਾ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਮਨਦੀਪ ਬਾਂਸਲ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਹੋਰ ਕੀਮਤੀ ਜਾਨ ਦੇ ਨੁਕਸਾਨ ਤੋਂ ਪਹਿਲਾਂ ਸ਼ਹਿਰ ਅਤੇ ਸਰਵਿਸ ਰੋਡ ਦੇ ਸਾਰੇ ਸੀਵਰੇਜ ਢੱਕਣਾਂ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਸੜਕ ਦੇ ਬਰਾਬਰ ਲੈਵਲ ’ਤੇ ਕਰਵਾਇਆ ਜਾਵੇ। ਇੱਕ-ਦੂਜੇ ਸਿਰ ਜ਼ਿੰਮੇਵਾਰੀ ਸੁੱਟਦੇ ਨਜ਼ਰ ਆਏ ਅਧਿਕਾਰੀ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸੰਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ ਅਤੇ ਜੇ.ਈ. ਤੋਂ ਜਾਣਕਾਰੀ ਲੈਣ ਉਪਰੰਤ ਹੀ ਸਥਿਤੀ ਸਪੱਸ਼ਟ ਕਰਨਗੇ। ਉੱਧਰ, ਸੀਵਰੇਜ ਬੋਰਡ ਦੇ ਉੱਚ ਅਧਿਕਾਰੀ ਤਜਿੰਦਰ ਸਿੰਗਲਾ ਨੇ ਇਸ ਕੰਮ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਦੱਸੀ, ਜਦਕਿ ਨਗਰ ਕੌਂਸਲ ਦੇ ਈ.ਓ ਨੇ ਮੁੜ ਇਸ ਦੀ ਜ਼ਿੰਮੇਵਾਰੀ ਸੀਵਰੇਜ ਬੋਰਡ ਸਿਰ ਪਾ ਦਿੱਤੀ। ਇਸ ਤਰ੍ਹਾਂ ਦੋਵੇਂ ਵਿਭਾਗਾਂ ਦੇ ਅਧਿਕਾਰੀ ਇੱਕ-ਦੂਜੇ ਸਿਰ ਜ਼ਿੰਮੇਵਾਰੀ ਸੁੱਟਦੇ ਨਜ਼ਰ ਆਏ। ਅਜਿਹੇ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰ ਇਸ ਸਮੱਸਿਆ ਦੇ ਹੱਲ ਦੀ ਜ਼ਿੰਮੇਵਾਰੀ ਕੌਣ ਲਵੇਗਾ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਕਦੋਂ ਨਿਜਾਤ ਮਿਲੇਗੀ?