- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਰੁਜ਼ਗਾਰਾਂ ਨੇ ਸੀਐੱਮ ਦਫਤਰ ਅੱਗੇ ਲਾਇਆ ਧਰਨਾ, ਨਾਅਰੇਬਾਜੀ

ਜਸਵੀਰ ਸਿੰਘ, ਪੰਜਾਬੀ ਜਾਗਰਣ,
ਸੰਗਰੂਰ : ਧੂਰੀ ਵਿੱਚ ਮੁੱਖ ਮੰਤਰੀ ਦੇ ਦਫਤਰ ਸਾਹਮਣੇ ਲੱਗੀਆਂ ਪੁਲਿਸ ਰੋਕਾਂ ਨੂੰ ਪੁੱਟਣ ਦੌਰਾਨ ਬੇਰੁਜ਼ਗਾਰਾਂ ਅਤੇ ਪੁਲਿਸ ਵਿਚਕਾਰ ਮਾਮੂਲੀ ਧੱਕਾ-ਮੁੱਕੀ ਹੋ ਗਈ, ਆਖਰ ਬੇਰੁਜ਼ਗਾਰ ਬਿਲਕੁਲ ਦਫਤਰ ਸਾਹਮਣੇ ਜਾ ਬੈਠੇ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਬੇਰੁਜ਼ਗਾਰ ਬੀਐਡ 55 ਪੀੜਤ ਯੂਨੀਅਨ ਦੇ ਗੁਰਪ੍ਰੀਤ ਪੱਕਾ ਕਲਾਂ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਬਾਜ਼ਾਰ ਵਿੱਚ ਰੋਸ ਮਾਰਚ ਕਰਦੇ ਹੋਏ ਮੁੱਖ ਸਹਾਇਤਾ ਕੇਂਦਰ ਨੇੜੇ ਪਹੁੰਚੇ। ਜਿੱਥੇ ਦਫਤਰ ਤੋ ਕਰੀਬ 50 ਮੀਟਰ ਪਹਿਲਾਂ ਹੀ ਚੌਂਕ ਵਿੱਚ ਤਾਇਨਾਤ ਭਾਰੀ ਪੁਲਿਸ ਬਲ ਨੇ ਬੇਰੁਜ਼ਗਾਰਾਂ ਨੂੰ ਰੋਕ ਲਿਆ। ਇੱਥੇ ਬੇਰੁਜ਼ਗਾਰਾਂ ਅਤੇ ਪ੍ਰਸ਼ਾਸ਼ਨ ਵਿਚਕਾਰ ਲੰਬਾ ਸਮਾਂ ਗੱਲਬਾਤ ਚੱਲਦੀ ਰਹੀ। ਬੇਰੁਜ਼ਗਾਰ ਮੁੱਖ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਲਈ ਬਜਿੱਦ ਸਨ। ਆਖਰ ਦੇਰ ਸ਼ਾਮ ਬੇਰੁਜ਼ਗਾਰ ਅੱਗੇ ਵਧੇ ਅਤੇ ਪੁਲਿਸ ਰੋਕਾਂ ਪੁੱਟ ਕੇ ਬਿਲਕੁਲ ਦਫਤਰ ਦੇ ਸਾਹਮਣੇ ਜਾ ਬੈਠੇ। ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਧੱਕਾਮੁੱਕੀ ਹੋਈ। ਅਖੀਰ ਪ੍ਰਸ਼ਾਸ਼ਨ ਨੇ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ 20 ਨਵੰਬਰ ਨੂੰ ਪਮੁੱਖ ਸਕੱਤਰ ਨਾਲ ਨਿਸ਼ਚਿਤ ਕਰਵਾਈ।
ਇਸ ਮੌਕੇ ਸੁਖਪਾਲ ਖਾਨ, ਹਰਜੀਤ ਸਿੰਘ, ਦਰਸ਼ਨ ਸਿੰਘ ਲੱਡਾ, ਹਰਵਿੰਦਰ ਸਿੰਘ ਬਠਿੰਡਾ, ਮੰਗਲ ਬਠਿੰਡਾ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨਾਲ ਬਹੁਤ ਜ਼ਿਆਦਤੀ ਕੀਤੀ ਹੈ। ਭਰਤੀ ਕੈਲੰਡਰ ਦਾ ਵਾਅਦਾ ਕਰਨ ਦੇ ਬਾਵਜੂਦ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀ ਇੱਕ ਵੀ ਅਸਾਮੀ ਜਾਰੀ ਨਹੀਂ ਕੀਤੀ। ਉਨ੍ਹਾਂ ਐਲਾਨ ਕੀਤਾ ਆਉਂਦੇ ਦਿਨਾਂ ਵਿੱਚ ਉਹ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਜਨਤਕ ਸਮਾਗਮ ਵਿੱਚ ਸਿੱਧੇ ਸਵਾਲ ਕਰਨਗੇ।
ਜ਼ਿਕਰਯੋਗ ਹੈ ਕਿ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਪਿਛਲੇ ਕਰੀਬ ਗਿਆਰਾਂ ਮਹੀਨੇ ਤੋਂ ਪੱਕਾ ਮੋਰਚਾ ਜਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ 15000 ਅਸਾਮੀਆਂ ਜਾਰੀ ਕੀਤੀਆਂ ਜਾਣ। ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫ਼ੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ।
ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਉਮਰ ਹੱਦ ਛੋਟ ਦਿੱਤੀ ਜਾਵੇ। ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ। ਕੋਰੋਨਾ ਵਲੰਟੀਅਰ ਨੂੰ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਰੈਗੂਲਰ ਭਰਤੀ ਕੀਤਾ ਜਾਵੇ।
ਲੈਕਚਰਾਰ ਦੇ ਰਹਿੰਦੇ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ।
ਇਸ ਮੌਕੇ ਅਮਨਦੀਪ ਕੌਰ, ਸ਼ਿੰਦਰਪਾਲ ਕੌਰ, ਮਨਜੀਤ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਕਰਮਜੀਤ ਸਿੰਘ ਬਰਨਾਲਾ, ਗੁਰਦੀਪ ਸਿੰਘ, ਨਿਰਮਲ ਵਿੱਕੀ ਮੋਗਾ, ਰਣਜੀਤ ਮੌੜ, ਮੁਨੀਸ਼ ਕੁਮਾਰ ਫਾਜ਼ਿਲਕਾ, ਵੀਰਪਾਲ ਕੌਰ ਭੁਟਾਲ, ਸੋਨੀਆ ਕੌਸ਼ਲ, ਮੋਨਿਕਾ, ਗਗਨਦੀਪ ਕੌਰ ,ਮਨਪ੍ਰੀਤ ਭਰੂਰ, ਮਨਜੋਤ ਸਿੰਘ ,ਹਰਸ਼, ਅਵਤਾਰ ਭੱਠਲ ਹਾਜ਼ਰ ਸਨ।