ਸਾਂਈ ਸੈਂਟਰ ਮਸਤੂਆਣਾ ਦੇ ਦੋ ਖਿਡਾਰੀ ਭਾਰਤੀ ਅੰਡਰ-17 ਟੀਮ ’ਚ ਸ਼ਾਮਿਲ ਸਾਂਈ ਸੈਂਟਰ ਮਸਤੂਆਣਾ ਦੇ ਦੋ ਖਿਡਾਰੀ ਭਾਰਤੀ ਅੰਡਰ-17 ਟੀਮ ’ਚ ਸ਼ਾਮਿਲ
Publish Date: Tue, 18 Aug 2026 04:32 PM (IST)
Updated Date: Wed, 19 Aug 2026 04:00 AM (IST)
ਕਰਨਵੀਰ ਸਿੰਘ ਲੋਂਗੋਵਾਲ, ਪੰਜਾਬੀ ਜਾਗਰਣ, ਲੌਂਗੋਵਾਲ : ਸਾਂਈ ਟ੍ਰੇਨਿੰਗ ਸੈਂਟਰ ਮਸਤੂਆਣਾ ਸਾਹਿਬ ਨੇ ਵਾਲੀਬਾਲ ਦੇ ਖੇਤਰ ਵਿੱਚ ਇੱਕ ਹੋਰ ਮਾਣਮੱਤੀ ਉਪਲਬਧੀ ਹਾਸਲ ਕੀਤੀ ਹੈ। ਸਾਂਈ ਸੈਂਟਰ ਮਸਤੂਆਣਾ ਸਾਹਿਬ ਦੇ ਦੋ ਹੋਣਹਾਰ ਵਾਲੀਬਾਲ ਖਿਡਾਰੀ ਸ਼ਬਦ ਗੌਤਮ ਅਤੇ ਸੁਖਮੀਤ ਸਿੰਘ ਸਿੱਧੂ ਦੀ ਚੋਣ ਅੰਡਰ-17 ਵਿਸ਼ਵ ਵਾਲੀਬਾਲ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਹੋਈ ਹੈ। ਇਹ ਚੈਂਪੀਅਨਸ਼ਿਪ 19 ਤੋਂ 29 ਅਗਸਤ 2026 ਤੱਕ ਦੋਹਾ, ਕਤਰ ਵਿਖੇ ਕਰਵਾਈ ਜਾ ਰਹੀ ਹੈ।ਇਸ ਉਪਲੱਬਧੀ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦਾ ਹੈ ਕਿ ਸ਼ਬਦ ਗੌਤਮ ਨੂੰ ਟੀਮ ਇੰਡੀਆ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਸ਼ਵ ਪੱਧਰੀ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਇਹ ਮਾਣ ਸਾਂਈ ਸੈਂਟਰ ਮਸਤੂਆਣਾ ਸਾਹਿਬ ਲਈ ਬੇਹੱਦ ਮਾਣ ਵਾਲਾ ਪਲ ਹੈ। ਇਹ ਪ੍ਰਾਪਤੀ ਸ਼ਬਦ ਗੌਤਮ ਦੀ ਪ੍ਰਤਿਭਾ, ਮਿਹਨਤ, ਅਨੁਸ਼ਾਸਨ ਅਤੇ ਲੀਡਰਸ਼ਿਪ ਸਮਰੱਥਾ ਦਾ ਪ੍ਰਗਟਾਵਾ ਕਰਦੀ ਹੈ। ਸਾਂਈ ਸੈਂਟਰ ਮਸਤੂਆਣਾ ਸਾਹਿਬ ਦੇ ਖਿਡਾਰੀਆਂ ਦੀ ਇਹ ਸਫਲਤਾ ਕੇਂਦਰ ਵਿਖੇ ਚੱਲ ਰਹੇ ਵਿਧੀਬੱਧ ਟ੍ਰੇਨਿੰਗ ਪ੍ਰੋਗਰਾਮ, ਉੱਚ ਪੱਧਰੀ ਕੋਚਿੰਗ, ਅਨੁਸ਼ਾਸਨ ਅਤੇ ਤਕਨੀਕੀ ਤੇ ਟੈਕਟੀਕਲ ਵਿਕਾਸ ਦਾ ਨਤੀਜਾ ਹੈ। ਇਸ ਮਾਣਮੱਤੀ ਪ੍ਰਾਪਤੀ ਵਿੱਚ ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਵੱਲੋਂ ਮਿਲ ਰਹੇ ਸਹਿਯੋਗ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਨੂੰ ਵੀ ਸਨਮਾਨ ਸਹਿਤ ਯਾਦ ਕੀਤਾ ਜਾਂਦਾ ਹੈ। ਇਸ ਉਪਲੱਬਧੀ ਦਾ ਮੁੱਖ ਸਿਹਰਾ ਵਾਲੀਬਾਲ ਕੋਚ ਯਾਦਵਿੰਦਰ ਸਿੰਘ ਔਲਖ ਦੀ ਸਮਰਪਿਤ ਮਿਹਨਤ ਅਤੇ ਕੋਚਿੰਗ ਨੂੰ ਜਾਂਦਾ ਹੈ। ਉਨ੍ਹਾਂ ਦੀ ਸਮਾਰਟ ਅਤੇ ਵਿਸ਼ਲੇਸ਼ਣਾਤਮਕ ਕੋਚਿੰਗ ਪਹੁੰਚ, ਤਕਨੀਕੀ ਸਮਝ, ਰਣਨੀਤਕ ਯੋਜਨਾਬੰਦੀ ਅਤੇ ਖਿਡਾਰੀ-ਵਿਸ਼ੇਸ਼ ਟ੍ਰੇਨਿੰਗ ਨੇ ਇਨ੍ਹਾਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰ ਕੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਲਈ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮਸਤੂਆਣਾ ਸਾਹਿਬ ਤੋਂ ਲਗਾਤਾਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਹੋਣਾ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਪੇਸ਼ੇਵਰ ਕੋਚਿੰਗ ਦਾ ਸਿੱਧਾ ਨਤੀਜਾ ਹੈ। ਇਸ ਪ੍ਰਾਪਤੀ ’ਤੇ ਮਸਤੂਆਣਾ ਸਾਹਿਬ ਦੇ ਅਸਿਸਟੈਂਟ ਪੁਸ਼ਕਰ ਸਿੰਘ, ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਸੈਂਟਰ ਮਸਤੂਆਣਾ ਸਾਹਿਬ ਦੇ ਸੇਵਾਮੁਕਤ ਇੰਚਾਰਜ ਅਤੇ ਮੁੱਖ ਕੋਚ (ਹੈਂਡਬਾਲ) ਮਨਜੀਤ ਸਿੰਘ ਬਾਲੀਆਂ ਨੇ ਸ਼ਬਦ ਗੌਤਮ ਅਤੇ ਸੁਖਮੀਤ ਸਿੰਘ ਸਿੱਧੂ ਨੂੰ ਹਾਰਦਿਕ ਵਧਾਈ ਦਿੱਤੀ।