- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਆਈ ਦੀ ਕਾਰ ਤੇ ਫੁੱਲ ਵਰਸਾਉਣ ਵਾਲੇ ਦੋ ਆਗੂ ਹਿਰਾਸਤ ’ਚ

ਸਵੇਰੇ ਘਰੋਂ ਲੈ ਗਈ ਪੁਲਿਸ, ਦੁਪਹਿਰ ਨੂੰ ਬਿਨਾਂ ਕਾਰਵਾਈ ਛੱਡਿਆ
ਰਿਹਾਈ ਤੋਂ ਬਾਅਦ ਚੌਕੀ ਅੱਗੇ ਸਮਰਥਕਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ,
ਭਵਾਨੀਗੜ੍ਹ : ਪਿੰਡ ਘਰਾਚੋਂ ਵਿਖੇ ਮੁੱਖ ਮੰਤਰੀ ਦੇ ਓਐੱਸਡੀ ਦੀ ਰਿਹਾਇਸ਼ ’ਤੇ ਸੀਬੀਆਈ ਦੀ ਚੱਲ ਰਹੀ ਕਾਰਵਾਈ ਦੌਰਾਨ ਅਧਿਕਾਰੀਆਂ ਦੀ ਗੱਡੀ ’ਤੇ ਫੁੱਲ ਵਰਸਾਉਣ ਅਤੇ ਢੋਲ ਵਜਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਅਤੇ ਇਕ ਕੌਂਸਲਰ ਵਿਜੈ ਲੰਕੇਸ਼ ਨੂੰ ਬੁੱਧਵਾਰ ਸਵੇਰੇ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਦੁਪਹਿਰ ਸਮੇਂ ਪੁਲਿਸ ਨੇ ਦੋਵਾਂ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ।
ਰਿਹਾਈ ਤੋਂ ਬਾਅਦ ਦੋਵੇਂ ਆਗੂ ਆਪਣੇ ਸਮਰਥਕਾਂ ਸਮੇਤ ਪੁਲਿਸ ਚੌਕੀ ਦੇ ਬਾਹਰ ਪਹੁੰਚੇ, ਜਿੱਥੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮੋਹਨਜੀਤ ਸਿੰਘ ਸ਼ੇਰੋਂ ਸਮੇਤ ਕਈ ਹੋਰ ਆਗੂ ਅਤੇ ਸਮਰਥਕ ਵੀ ਮੌਜੂਦ ਰਹੇ।
ਚਮਨਦੀਪ ਸਿੰਘ ਮਿਲਖੀ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਘਰਾਚੋਂ ਵਿਖੇ ਸੀਬੀਆਈ ਦੀ ਕਾਰਵਾਈ ਚੱਲ ਰਹੀ ਸੀ ਤਾਂ ਉਹ ਉੱਥੇ ਮੌਜੂਦ ਸਨ। ਉਨ੍ਹਾਂ ਮੁਤਾਬਕ ਸੀਬੀਆਈ ਅਧਿਕਾਰੀਆਂ ਦੀ ਗੱਡੀ ’ਤੇ ਫੁੱਲ ਸੁੱਟ ਕੇ ਅਤੇ ਢੋਲ ਵਜਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਘਟਨਾ ਤੋਂ ਬਾਅਦ ਬੁੱਧਵਾਰ ਸਵੇਰੇ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਸਮੇਤ ਵਿਜੈ ਲੰਕੇਸ਼ ਨੂੰ ਹਿਰਾਸਤ ਵਿੱਚ ਲੈ ਲਿਆ।
ਮਿਲਖੀ ਨੇ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮਾਂ ਵਿੱਚ ਕੁਝ ਸਿਵਲ ਵਰਦੀ ਵਿੱਚ ਵੀ ਸਨ ਅਤੇ ਉਹ ਸਿੱਧੇ ਉਨ੍ਹਾਂ ਦੇ ਕਮਰੇ ਵਿੱਚ ਦਾਖ਼ਲ ਹੋਏ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਪੁਲਿਸ ਵੱਲੋਂ ਨਾਲ ਲਿਜਾਣ ਤੋਂ ਬਾਅਦ ਆਗੂਆਂ ਅਤੇ ਸਮਰਥਕਾਂ ਨੇ ਉਨ੍ਹਾਂ ਦੀ ਰਿਹਾਈ ਲਈ ਪੁਲਿਸ ’ਤੇ ਦਬਾਅ ਬਣਾਇਆ।
ਉਨ੍ਹਾਂ ਦੱਸਿਆ ਕਿ ਮੋਹਨਜੀਤ ਐਕਸ਼ਨ ਕਮੇਟੀ ਨਾਲ ਜੁੜੇ ਆਗੂਆਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਦੋਵਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸੜਕ ਜਾਮ ਕਰਨ ਸਮੇਤ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮਗਰੋਂ ਪੁਲਿਸ ਨੇ ਦੋਵਾਂ ਨੂੰ ਦੁਪਹਿਰ ਸਮੇਂ ਬਿਨਾਂ ਕਿਸੇ ਕਾਰਵਾਈ ਦੇ ਛੱਡ ਦਿੱਤਾ।
-------
ਮਿਲਖੀ ਤੇ ਲੰਕੇਸ਼ ਨੂੰ ਕਾਰਵਾਈ ਉਪਰੰਤ ਕੀਤਾ ਰਿਹਾਅ : ਪੁਲਿਸ ਚੌਕੀ ਇੰਚਾਰਜ
ਪੁਲਿਸ ਚੌਕੀ ਇੰਚਾਰਜ ਵਰਿੰਦਰ ਸਿੰਘ ਨੇ ਦੱਸਿਆ ਕਿ ਚਮਨਦੀਪ ਸਿੰਘ ਮਿਲਖੀ ਅਤੇ ਵਿਜੈ ਲੰਕੇਸ਼ ਨੂੰ ਸਵੇਰੇ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਦੋਵਾਂ ਨੂੰ ਬਿਨਾਂ ਕਿਸੇ ਕਾਰਵਾਈ ਦੇ ਰਿਹਾਅ ਕਰ ਦਿੱਤਾ ਗਿਆ।