
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਾਂਬੇ ਦੀਆਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਦੋ ਕਾਬੂ, ਇੱਕ ਫਰਾਰ

ਹਰਜੀਤ ਸਿੰਘ, ਪੰਜਾਬੀ ਜਾਗਰਣ,
ਖਨੌਰੀ : ਇਲਾਕੇ ਵਿੱਚ ਖੇਤਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਦੇ ਕਥਿਤ ਮਾਮਲੇ ਵਿੱਚ ਥਾਣਾ ਖਨੌਰੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ ਇੱਕ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਖਨੌਰੀ ਦੇ ਐੱਸਐੱਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਖਨੌਰੀ ਦੀ ਪੁਰਾਣੀ ਪਸ਼ੂ ਹੱਡਾ ਰੋੜੀ ਅਤੇ ਭਾਖੜਾ ਨਹਿਰ ਦੇ ਪੁਲ ਨੇੜੇ ਝਾੜੀਆਂ ਵਿੱਚ ਖੇਤਾਂ ਦੀਆਂ ਮੋਟਰਾਂ ਦੀਆਂ ਤਾਰਾਂ ਨੂੰ ਅੱਗ ਲਾ ਕੇ ਉਨ੍ਹਾਂ ਵਿੱਚੋਂ ਤਾਂਬਾ ਕੱਢ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ।
ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਵਾਰਡ ਨੰਬਰ 13 ਖਨੌਰੀ ਵਾਸੀ ਬਲਕਾਰ ਸਿੰਘ ਅਤੇ ਉਸ ਦੇ ਗੁਆਂਢੀ ਜਗਸੀਰ ਸਿੰਘ ਨੇ ਮੌਕੇ ’ਤੇ ਦੋ ਵਿਅਕਤੀਆਂ ਨੂੰ ਤਾਰਾਂ ਸਾੜਦੇ ਦੇਖਿਆ। ਉਨ੍ਹਾਂ ਵੱਲੋਂ ਦੋਵਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਮੌਕੇ ’ਤੇ ਲੋਕਾਂ ਦਾ ਇਕੱਠ ਹੋ ਗਿਆ। ਇਸ ਦੌਰਾਨ ਮਾਨ ਸਿੰਘ ਵਾਸੀ ਪਿੰਡ ਗੁਲਾਹੜ ਝੋਨੇ ਦੇ ਖੇਤਾਂ ਵਿੱਚੋਂ ਹੁੰਦਾ ਹੋਇਆ ਫ਼ਰਾਰ ਹੋ ਗਿਆ, ਜਦਕਿ ਕੁਲਵੰਤ ਰਾਮ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।
ਪੁਲਿਸ ਅਨੁਸਾਰ ਪੁੱਛਗਿੱਛ ਦੌਰਾਨ ਕੁਲਵੰਤ ਰਾਮ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਹ ਚੋਰੀ ਕੀਤੀਆਂ ਤਾਰਾਂ ਨੂੰ ਸਾੜ ਕੇ ਉਨ੍ਹਾਂ ਵਿੱਚੋਂ ਤਾਂਬਾ ਕੱਢਦੇ ਸਨ ਅਤੇ ਇਹ ਤਾਂਬਾ ਖਨੌਰੀ ਦੇ ਵਾਰਡ ਨੰਬਰ 3 ਵਾਸੀ ਕਬਾੜੀ ਬੰਟੀ ਕੁਮਾਰ ਪੁੱਤਰ ਰਾਜ ਕੁਮਾਰ ਨੂੰ ਵੇਚਦੇ ਸਨ। ਇਸ ਦੇ ਆਧਾਰ ’ਤੇ ਪੁਲਿਸ ਨੇ ਬੰਟੀ ਕੁਮਾਰ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।
ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸਬ-ਇੰਸਪੈਕਟਰ ਰਘਵੀਰ ਸਿੰਘ, ਏਐੱਸਆਈ ਅਮਨਦੀਪ ਕੌਰ, ਮਨਜਿੰਦਰ ਸਿੰਘ ਅਤੇ ਰਮੇਸ਼ ਕੁਮਾਰ ਹਾਜ਼ਰ ਸਨ।