ਮਹਿਲਕਲਾਂ ਨੇੜੇ ਗਊਆਂ ਨਾਲ ਭਰਿਆ ਟਰੱਕ ਕਾਬੂ
ਮਹਿਲ ਕਲਾਂ ਨੇੜੇ ਗਊਆਂ ਨਾਲ ਭਰਿਆ ਟਰੱਕ ਕਾਬੂ, ਦੋ ਗਊ ਸਰੱਖਿਆ ਜਥੇਬੰਦੀਆਂ ਦੀ ਪੁਲਿਸ ਨਾਲ ਸਾਂਝੀ ਕਾਰਵਾਈ
Publish Date: Tue, 20 Jan 2026 03:53 PM (IST)
Updated Date: Wed, 21 Jan 2026 04:00 AM (IST)

ਦੋ ਗਊ ਸੁਰੱਖਿਆ ਜਥੇਬੰਦੀਆਂ ਦੀ ਪੁਲਿਸ ਨਾਲ ਸਾਂਝੀ ਕਾਰਵਾਈ ਬੀਹਲਾ ਤੋਂ ਹੋਰਨਾਂ ਸੂਬਿਆਂ ਵੱਲ ਲਿਜਾਈਆਂ ਜਾ ਰਹੀਆਂ 17 ਗਊ-ਵੰਸ਼ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੰਯੁਕਤ ਗਊ ਸਰੱਖਿਆ ਦਲ ਤੇ ਗਊ ਸੁਰੱਖਿਆ ਸੇਵਾ ਦਲ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਗਊਆਂ ਨਾਲ ਭਰਿਆ ਇਕ ਟਰੱਕ ਕਾਬੂ ਕੀਤਾ। ਜਥੇਬੰਦੀਆਂ ਦੇ ਆਗੂਆਂ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੰਯੁਕਤ ਗਊ ਸੁਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਗਊ ਸੁਰੱਖਿਆ ਸੇਵਾ ਦਲ ਦੇ ਪ੍ਰਧਾਨ ਸੰਦੀਪ ਵਰਮਾ ਰਾਮਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬੀਹਲਾ ਤੋਂ ਇਕ ਟਰੱਕ ’ਚ 14 ਗਊਆਂ, ਇਕ ਢੱਠਾ ਤੇ 2 ਬੱਛੀਆਂ ਨੂੰ ਬਿਨਾ ਕਾਨੂੰਨੀ ਦਸਤਾਵੇਜ਼ਾਂ ਦੇ ਹੋਰਨਾਂ ਸੂਬਿਆਂ ਵੱਲ ਬੁੱਚੜਖਾਨਿਆਂ ਲਈ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਇਸ ਸਬੰਧੀ ਤੁਰੰਤ 112 ਐਮਰਜੈਂਸੀ ਸੇਵਾਵਾਂ ਦੇ ਇੰਚਾਰਜ ਜਗਮੋਹਨ ਸਿੰਘ ਸੁਧਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਪੁਲਿਸ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਮਹਿਲ ਕਲਾਂ ਤੋਂ ਥੋੜੀ ਦੂਰੀ ’ਤੇ ਟਰੱਕ ਨੂੰ ਕਾਬੂ ਕਰ ਲਿਆ। ਗਊ ਸਰੱਖਿਆ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ’ਚ ਗਊ-ਸਰੱਖਿਆ ਕਾਨੂੰਨਾਂ ਦੀ ਢਿੱਲੀ ਪਾਲਣਾ ਕਾਰਨ ਅਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਟਰੱਕ ਪਹਿਲਾਂ ਵੀ ਵੱਖ-ਵੱਖ ਇਲਾਕਿਆਂ ਤੋਂ ਫੜੇ ਜਾ ਚੁੱਕੇ ਹਨ, ਪਰ ਸਰਕਾਰ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਗਊ-ਵੰਸ਼ ਦੀ ਬੇਅਦਬੀ ਰੁਕ ਨਹੀਂ ਰਹੀ। ਉਨ੍ਹਾਂ ਟਰੱਕ ਕਾਬੂ ਕਰਨ ’ਚ ਸਹਿਯੋਗ ਦੇਣ ਲਈ ਪੁਲਿਸ ਪਾਰਟੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਪੁਲਿਸ ਥਾਣਾ ਮਹਿਲਕਲਾਂ ਦੇ ਏਐੱਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਜਥੇਬੰਦੀਆਂ ਦੇ ਆਗੂਆਂ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦਿੱਤੀ ਜਾਵੇਗੀ। ਟਰੱਕ ਤੋਂ ਬਰਾਮਦ ਕੀਤੀਆਂ ਗਊਆਂ ਨੂੰ ਸੁਰੱਖਿਅਤ ਤੌਰ ’ਤੇ ਗਊਸ਼ਾਲਾ ਮਹਿਲਕਲਾਂ ਵਿਖੇ ਪਹੁੰਚਾ ਦਿੱਤਾ ਗਿਆ ਹੈ।