ਸਦਰ ਬਾਜ਼ਾਰ ਦੇ ਵਪਾਰੀਆਂ ਦੀ ਮੰਗ ਨੂੰ ਪਿਆ ਬੂਰ ਸਦਰ ਬਾਜ਼ਾਰ ਦੇ ਵਪਾਰੀਆਂ ਦੀ ਮੰਗ ਨੂੰ ਪਿਆ ਬੂਰ
Publish Date: Sun, 19 Jul 2026 07:38 PM (IST)
Updated Date: Sun, 19 Jul 2026 07:40 PM (IST)
- ਕੱਲ੍ਹ ਨੂੰ ਨਵੀਂ ਬਣੀ ਸੜਕ ਤੋਂ ਲੰਘੇਗੀ ਰੱਥ ਯਾਤਰਾ : ਹਲਕਾ ਇੰਚਾਰਜ ਧਾਲੀਵਾਲ ਤੇ ਮੇਅਰ ਹਸਨਪ੍ਰੀਤ ਨੇ ਸ਼ੁਰੂ ਕਰਵਾਇਆ ਸੜਕ ਨਿਰਮਾਣ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਦੇ ਮੁੱਖ ਸਦਰ ਬਾਜ਼ਾਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਸੜਕ ਤੋਂ ਪ੍ਰੇਸ਼ਾਨ ਹੋ ਰਹੇ ਲੋਕਾਂ ਨੂੰ ਆਖਰਕਾਰ ਵੱਡੀ ਰਾਹਤ ਮਿਲ ਗਈ ਹੈ। ਐਤਵਾਰ ਨੂੰ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਦੇ ਯਤਨਾਂ ਸਦਕਾ ਇਸ ਨਵੀਂ ਸੜਕ ਦਾ ਉਦਘਾਟਨ ਕਰਕੇ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸੜਕ ਦੇ ਨਿਰਮਾਣ ਕਾਰਜ ਦਾ ਰਸਮੀ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਸਦਰ ਬਾਜ਼ਾਰ ਦੀ ਇਹ ਮੁੱਖ ਸੜਕ ਲੰਮੇ ਸਮੇਂ ਤੋਂ ਸੀਵਰੇਜ ਦਾ ਕੰਮ ਚੱਲਣ ਕਾਰਨ ਪੁੱਟੀ ਹੋਈ ਸੀ, ਜਿਸ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੀ ਇਸ ਜਾਇਜ਼ ਸਮੱਸਿਆ ਨੂੰ ਮੁੱਖ ਰੱਖਦਿਆਂ ਤੁਰੰਤ ਸੜਕ ਦਾ ਨਿਰਮਾਣ ਕਾਰਜ ਆਰੰਭ ਕਰਵਾਇਆ ਗਿਆ ਹੈ। ਵਿਕਾਸ ਕਾਰਜਾਂ ਲਈ ਕਰੋੜਾਂ ਦੇ ਮਤੇ ਪਾਸ ਮੇਅਰ ਭਾਰਦਵਾਜ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਦੀ ਪਹਿਲੀ ਹੀ ਮੀਟਿੰਗ ਵਿੱਚ ਬਰਨਾਲਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਅਗਵਾਈ ਚ ਕਰੋੜਾਂ ਰੁਪਏ ਦੇ ਮਤੇ ਪਾਸ ਕੀਤੇ ਗਏ ਹਨ। ਸ਼ਹਿਰ ਅੰਦਰ ਜਿੰਨੇ ਵੀ ਅਧੂਰੇ ਵਿਕਾਸ ਕਾਰਜ ਲਟਕੇ ਹੋਏ ਹਨ, ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਜਲਦੀ ਹੀ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਖੁੱਡੀ ਰੋਡ ’ਤੇ ਸਥਿਤ ਏਕਤਾ ਕਲੋਨੀ ਵਿੱਚ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ ਸੀ ਤੇ ਹੁਣ ਸ਼ਹਿਰ ਦੇ ਸਭ ਤੋਂ ਪ੍ਰਮੁੱਖ ਵਪਾਰਕ ਕੇਂਦਰ ‘ਸਦਰ ਬਾਜ਼ਾਰ’ ਦੀ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਬਾਜ਼ਾਰਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਤੇ ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। --ਪਿਛਲੇ ਦੋ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ ਲੋਕ ਜ਼ਿਕਰਯੋਗ ਹੈ ਕਿ ਸਦਰ ਬਾਜ਼ਾਰ ਦੀ ਇਹ ਸੜਕ ਲਗਭਗ ਦੋ ਸਾਲ ਪਹਿਲਾਂ ਸੀਵਰੇਜ ਪਾਈਪਲਾਈਨ ਵਿਛਾਉਣ ਲਈ ਪੁੱਟੀ ਗਈ ਸੀ। ਸੀਵਰੇਜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਸੜਕ ਦਾ ਸਥਾਈ ਨਿਰਮਾਣ ਨਹੀਂ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਕੀਤਾ ਗਿਆ ਆਰਜ਼ੀ ਪੈਚਵਰਕ (ਮੁਰੰਮਤ) ਵੀ ਜ਼ਿਆਦਾ ਦੇਰ ਨਹੀਂ ਟਿਕ ਸਕਿਆ ਤੇ ਸੜਕ ਕਈ ਥਾਵਾਂ ਤੋਂ ਦੁਬਾਰਾ ਧੱਸ ਗਈ। --ਰੱਥ ਯਾਤਰਾ ਤੋਂ ਪਹਿਲਾਂ ਮਿਲੀ ਸੌਗਾਤ, ਵਪਾਰੀ ਬਾਗ਼ੋ-ਬਾਗ਼ ਦੱਸਣਯੋਗ ਹੈ ਕਿ ਬਰਨਾਲਾ ਸ਼ਹਿਰ ਵਿੱਚ ਸੋਮਵਾਰ ਨੂੰ ਕੱਢੀ ਜਾਣ ਵਾਲੀ ਧਾਰਮਿਕ ਰੱਥ ਯਾਤਰਾ ਸਦਰ ਬਾਜ਼ਾਰ ਵਿੱਚੋਂ ਦੀ ਲੰਘਣੀ ਹੈ। ਇਸ ਪਵਿੱਤਰ ਮੌਕੇ ਨੂੰ ਮੁੱਖ ਰੱਖਦਿਆਂ ਬਾਜ਼ਾਰ ਦੀ ਵਿਸ਼ੇਸ਼ ਸਫ਼ਾਈ ਕਰਵਾਈ ਗਈ ਹੈ ਤੇ ਨਵੀਂ ਸੜਕ ਦਾ ਨਿਰਮਾਣ ਸ਼ੁਰੂ ਕਰਵਾ ਕੇ ਇਸ ਨੂੰ ਚਾਲੂ ਕੀਤਾ ਜਾ ਰਿਹਾ ਹੈ। ਰਾਤ ਨੂੰ ਨਵੀਂ ਬਣੀ ਸੜਕ ਉੱਪਰੋਂ ਰੱਥ ਯਾਤਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਲੰਘੇਗੀ। ਇਸ ਰਾਹਤ ਕਾਰਨ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਤੇ ਸ਼ਹਿਰ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਦਾ ਧੰਨਵਾਦ ਕੀਤਾ ਹੈ।