ਪਾਵਰਕਾਮ ਦੇ ਕੱਚੇ ਕਾਮਿਆਂ ਦਾ ਸਬਰ ਟੁੱਟਣ ਕੰਢੇ, ਪੱਕੀ ਨੌਕਰੀ ਲਈ ਸਰਕਾਰ ਨੂੰ ਦਿੱਤੀ ਆਖਰੀ ਚਿਤਾਵਨੀ ਪਾਵਰਕਾਮ ਦੇ ਕੱਚੇ ਕਾਮਿਆਂ ਦਾ ਸਬਰ ਟੁੱਟਣ ਕੰਢੇ, ਪੱਕੀ ਨੌਕਰੀ ਲਈ ਸਰਕਾਰ ਨੂੰ ਦਿੱਤੀ ਆਖਰੀ ਚੇਤਾਵਨੀ
Publish Date: Fri, 07 Aug 2026 05:31 PM (IST)
Updated Date: Sat, 08 Aug 2026 04:02 AM (IST)
ਨੋਟੀਫਿਕੇਸ਼ਨ ਲਾਗੂ ਨਾ ਹੋਇਆ ਤਾਂ ਪੰਜਾਬ ਭਰ ਦੇ ਸਟੋਰਾਂ ’ਚ ਕੰਮ ਹੋਵੇਗਾ ਠੱਪ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਪਾਵਰਕਾਮ ਤੇ ਟਰਾਂਸਕੋ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਆਊਟਲੈਟ ਸਟੋਰ ਬਰਨਾਲਾ ਦੇ ਕੱਚੇ ਕਾਮਿਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਾਂ ਉਨ੍ਹਾਂ ਦੇ ਪੀਏ ਬਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਕਾਮਿਆਂ ਨੇ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੱਕੇ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਸੂਬਾ ਪੱਧਰ ’ਤੇ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਸੰਧੂ (ਚੁਹਾਣਕੇ ਖੁਰਦ), ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਸਤਨਾਮ ਸਿੰਘ ਤੇ ਮਨਦੀਪ ਸਿੰਘ ਨੇ ਕਿਹਾ ਕਿ ਪਾਵਰਕਾਮ ਦੇ ਸਟੋਰਾਂ ’ਚ ਕੰਮ ਕਰਦੇ ਕੱਚੇ ਕਾਮੇ ਸਾਲਾਂ ਤੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪਾਵਰਕਾਮ ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ ਵਿਭਾਗ ਅਧੀਨ ਪੱਕੇ ਤੌਰ ਤੇ ਅਡਜਸਟ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਪਹਿਲਾਂ ਹੀ ਸਵੀਕਾਰ ਕੀਤੀ ਜਾ ਚੁੱਕੀ ਹੈ, ਪਰ ਅਜੇ ਤੱਕ ਇਸ ਨੂੰ ਅਮਲ ’ਚ ਨਹੀਂ ਲਿਆਂਦਾ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਜਾਣਬੁੱਝ ਕੇ ਨੋਟੀਫਿਕੇਸ਼ਨ ਲਾਗੂ ਕਰਨ ’ਚ ਦੇਰੀ ਕਰ ਰਹੀ ਹੈ, ਜਿਸ ਕਾਰਨ ਹਜ਼ਾਰਾਂ ਕੱਚੇ ਕਾਮਿਆਂ ’ਚ ਭਾਰੀ ਨਿਰਾਸ਼ਾ ਤੇ ਰੋਸ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਵਿਭਾਗ ਦੀ ਰੀੜ੍ਹ ਦੀ ਹੱਡੀ ਬਣਕੇ ਕੰਮ ਕਰ ਰਹੇ ਕਾਮਿਆਂ ਨਾਲ ਇਨਸਾਫ਼ ਕੀਤਾ ਜਾਣਾ ਚਾਹੀਦਾ ਹੈ। ਸਰਕਲ ਆਗੂ ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਕੱਚੇ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਸਵੀਕਾਰ ਨਾ ਕੀਤਾ ਤਾਂ ਸਮੁੱਚੇ ਪੰਜਾਬ ਦੇ ਸਟੋਰਾਂ ’ਚ ਕੰਮ ਕਰਨ ਵਾਲੇ ਮੁਲਾਜ਼ਮ ਇਕਜੁੱਟ ਹੋ ਕੇ ਸੰਘਰਸ਼ ਨੂੰ ਨਵੇਂ ਪੜਾਅ ’ਚ ਲੈ ਜਾਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਸੂਬੇ ਦੇ ਸਾਰੇ ਸਟੋਰਾਂ ਦਾ ਕੰਮ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਜਾਵੇਗਾ, ਜਿਸ ਨਾਲ ਪੈਦਾ ਹੋਣ ਵਾਲੀ ਹਰ ਸਥਿਤੀ ਲਈ ਪਾਵਰਕਾਮ ਮੈਨੇਜਮੈਂਟ ਖੁਦ ਜ਼ਿੰਮੇਵਾਰ ਹੋਵੇਗੀ। ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੱਚੇ ਕਾਮਿਆਂ ਨਾਲ ਕੀਤਾ ਵਾਅਦਾ ਨਿਭਾਉਂਦਿਆਂ ਪੱਕੇ ਕਰਨ ਸਬੰਧੀ ਨੋਟੀਫਿਕੇਸ਼ਨ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਲਾਗੂ ਕੀਤਾ ਜਾਵੇ, ਤਾਂ ਜੋ ਲੰਬੇ ਸਮੇਂ ਤੋਂ ਅਸਥਿਰ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨੂੰ ਰੁਜ਼ਗਾਰ ਸੁਰੱਖਿਆ ਅਤੇ ਇਨਸਾਫ਼ ਮਿਲ ਸਕੇ।