- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਫਸਵੇਂ ਮੁਕਾਬਲੇ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਦੇ ਪ੍ਰਬੰਧਾਂ ਹੇਠ ਚੱਲ ਰਹੇ ਤਿੰਨ ਰੋਜ਼ਾ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅੰਤਰ ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਦੇ ਖੇਡ ਮੁਕਾਬਲਿਆਂ ਦਾ ਉਦਘਾਟਨ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵੱਲੋਂ ਕੀਤਾ ਗਿਆ। ਉਹਨਾਂ ਨਾਲ ਸਪੋਰਟਸ ਅਥਾਰਟੀ ਆਫ ਇੰਡੀਆ ਸੈਂਟਰ ਮਸਤੂਆਣਾ ਸਾਹਿਬ ਦੇ ਸਾਬਕਾ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਬਾਲੀਆਂ ਅਤੇ ਅਕਾਲ ਡਿਗਰੀ ਕਾਲਜ ਦੇ ਡਾਇਰੈਕਟਰ ਨਿਰਪਜੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਦੂਜੇ ਦਿਨ ਹੋਏ ਖੇਡ ਮੁਕਾਬਲਿਆਂ ਚ ਲਾਂਡਰਾਂ ਕਾਲਜ ਦੀ ਟੀਮ ਨੇ ਜੀਐੱਸਐੱਮ ਕਾਲਜ ਖੰਨਾ ਨੂੰ 4-1 ਗੋਲਾਂ ਨਾਲ, ਮੁਹਾਲੀ ਦੀ ਟੀਮ ਨੇ ਪੀਸੀਆਈ ਐੱਫ ਲੁਧਿਆਣਾ ਨੂੰ 5- 4 ਗੋਲਾਂ ਨਾਲ, ਸੁਧਾਰ ਕਾਲਜ ਦੀ ਟੀਮ ਨੇ ਆਈ ਕੇ ਗੁਜਰਾਲ ਪੀਟੀਯੂ ਨੂੰ 4-2 ਗੋਲਾਂ ਨਾਲ, ਸੀਈਸੀ ਲਾਂਡਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫ਼ਤਹਿਗੜ੍ਹ ਸਾਹਿਬ ਨੂੰ 3-2 ਗੋਲਾਂ ਨਾਲ, ਸੀਈਸੀ ਝੰਜੇੜੀ ਨੇ ਜੀਐਨ ਈ ਲੁਧਿਆਣਾ ਨੂੰ 1-0 ਗੋਲਾਂ ਨਾਲ ਹਰਾ ਕੇ ਜਿੱਤਾਂ ਦਰਜ ਕੀਤੀਆਂ।
ਇਸ ਮੌਕੇ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਵਰੋਸਾਈ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਵਿੱਦਿਅਕ ਖੇਤਰ ਅਹਿਮ ਯੋਗਦਾਨ ਪਾ ਰਹੀ ਹੈ ਉਥੇ ਖੇਡਾਂ ਦੇ ਖੇਤਰ ਵਿੱਚ ਵੀ ਵੱਡੀਆਂ ਮੱਲਾਂ ਮਾਰ ਰਹੀ ਹੈ। ਅਕਾਲ ਕਾਲਜ ਕੌਂਸਲ ਵੱਲੋਂ ਪੜ੍ਹਾਈ ਦੇ ਨਾਲ ਨਾਲ ਖਿਡਾਰੀਆਂ ਨੂੰ ਖੇਡਾਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਣ।ਉਹਨਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾਇਰੈਕਟਰ ਜਤਿੰਦਰ ਦੇਵ, ਡਾ. ਜਸਪਾਲ ਸਿੰਘ, ਡਾ. ਅਮਨਦੀਪ ਕੌਰ, ਡਾ. ਗੀਤਾ ਠਾਕੁਰ, ਡਾ. ਵਿਜੇ ਪਲਾਹਾ ਅਤੇ ਸੁਖਵਿੰਦਰ ਸਿੰਘ ਮਾਨ ਅਤੇ ਸੋਹਨਦੀਪ ਸਿੰਘ ਮੌਜੂਦ ਸਨ।