ਸੰਗਰੂਰ ਦੇ ਗੁਰਦੁਆਰੇ ਸਾਹਿਬ ’ਚ ਕੰਧ ਟੱਪ ਕੇ ਵੜੇ ਲੁਟੇਰੇ, ਸੇਵਾਦਾਰ ਨੂੰ ਗੋਲ਼ੀ ਮਾਰਕੇ ਫ਼ਰਾਰ ਗੁਰੂਘਰ ਦੇ ਸੇਵਾਦਾਰ ਨੂੰ ਗੋਲੀ ਮਾਰਨ ਤਿੰਨ ਵਿਅਕਤੀ ਅਸਲੇ ਸਮੇਤ ਕਾਬੂ, ਇੱਕ ਫਰਾਰ
Publish Date: Tue, 29 Sep 2026 08:28 PM (IST)
Updated Date: Wed, 30 Sep 2026 04:10 AM (IST)
- ਵਿਹੜੇ ’ਚ ਸੌ ਰਹੇ ਹੋਰ ਸੇਵਾਦਾਰ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼, ਭਿੜਨ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ - ਬਰਨਾਲਾ ਦੇ ਗੁਰਦੁਆਰਾ ਅੜੀਸਰ ਸਾਹਿਬ ਦੇ ਦੋ ਸੇਵਾਦਾਰਾਂ ਸਣੇ ਤਿੰਨ ਗ੍ਰਿਫਤਾਰ, ਇਕ ਫ਼ਰਾਰ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ਸੰਗਰੂਰ : ਪਿੰਡ ਬਡਰੁਖਾਂ ਦੇ ਗੁਰਦੁਆਰਾ ਸਾਹਿਬ ਜਨਮ ਅਸਥਾਨ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ’ਚ ਸੋਮਵਾਰ ਰਾਤ ਚਾਰ ਨਕਾਬਪੋਸ਼ਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿਹੜੇ ’ਚ ਸੌ ਰਹੇ ਇਕ ਸੇਵਾਦਾਰ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਰੌਲਾ ਸੁਣ ਕੇ ਉਸੇ ਕਮਰੇ ’ਚ ਸੌ ਰਹੇ ਦੂਜੇ ਬਜ਼ੁਰਗ ਸੇਵਾਦਾਰ ਨੇ ਕਮਰੇ ਤੋਂ ਬਾਹਰ ਆ ਕੇ ਲੁਟੇਰਿਆਂ ਨਾਲ ਮੁਕਾਬਲਾ ਕੀਤਾ। ਇਸ ਦੌਰਾਨ ਇਕ ਲੁਟੇਰੇ ਨੇ ਸੇਵਾਦਾਰ ਨੂੰ ਗੋਲ਼ੀ ਮਾਰੀ ਤੇ ਲੁਟੇਰੇ ਫ਼ਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ’ਚ ਚਾਰ ’ਚੋਂ ਤਿੰਨ ਲੁਟੇਰਿਆਂ ਨੂੰ ਦੋ ਦੇਸੀ ਪਿਸਤੌਲਾਂ, .32 ਬੋਰ ਦੇ ਛੇ ਕਾਰਤੂਸਾਂ ਤੇ ਇਕ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਵਿਚੋਂ ਦੋ ਵਿਅਕਤੀ ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆਂ ਦੇ ਗੁਰਦੁਆਰਾ ਅੜੀਸਰ ਸਾਹਿਬ ਦੇ ਸੇਵਾਦਾਰ ਹਨ। ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਜਨਮ ਅਸਥਾਨ ਯਾਦਗਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ’ਚ ਕਾਰ ਸੇਵਾ ਚੱਲ ਰਹੀ ਹੈ। ਇਹ ਸੇਵਾ ਗੁਰਦੁਆਰਾ ਅੜੀਸਰ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ। ਗੁਰਦੁਆਰਾ ਅੜੀਸਰ ਸਾਹਿਬ ਦੇ ਲਾਂਗਰੀ ਸਰਬਜੀਤ ਸਿੰਘ ਵਾਸੀ ਕੱਟੂ ਤੇ ਚਾਲਕ ਗੁਰਜੀਤ ਸਿੰਘ ਵਾਸੀ ਕਰਮਚੰਦ ਪੱਟੀ ਮਹਾਰਾਜ ਫੂਲ ਬਠਿੰਡਾ ਨੇ ਆਪਣੇ ਸਾਥੀ ਜਗਸੀਰ ਸਿੰਘ ਉਰਫ਼ ਸੀਰਾ ਤੇ ਗਗਨਦੀਪ ਸਿੰਘ ਵਾਸੀ ਜੇਠੂਕਾ ਬੁਗਰਾਂ ਰਾਮਪੁਰਾ ਫੂਲ ਜ਼ਿਲ੍ਹਾ ਨਾਲ ਮਿਲ ਕੇ ਲੁੱਟਦੀ ਜੋਯਨਾ ਬਣਾਈ। ਸਰਬਜੀਤ ਤੇ ਗੁਰਜੀਤ ਨੂੰ ਪਤਾ ਸੀ ਕਿ ਗੁਰਦੁਆਰੇ ਸਾਹਿਬ ’ਚ ਕਾਰ ਸੇਵਾ ਕਾਰਨ ਵੱਡੀ ਨਕਦੀ ਹੋ ਸਕਦੀ ਹੈ। ਇਸ ਲਈ ਚਾਰਾਂ ਨੇ ਗੁਰਦੁਆਰੇ ਸਾਹਿਬ ਦੇ ਰਿਹਾਇਸ਼ੀ ਖੇਤਰ ’ਚ ਦੀਵਾਰ ਟੱਪ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰੀ ’ਚ ਨਾਕਾਮ ਰਹਿਣ ਅਤੇ ਹੱਥਾਪਾਈ ਦੌਰਾਨ ਸੇਵਾਦਾਰ ਜਸਵੰਤ ਸਿੰਘ ਤੇ ਗੋਲ਼ੀ ਚਲਾਈ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਸਰਬਜੀਤ ਸਿੰਘ, ਜਗਸੀਰ ਸਿੰਘ ਤੇ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਗਗਨਦੀਪ ਫ਼ਰਾਰ ਹੈ। ਸਰਬਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਸੇਵਾਦਾਰ ਅਜੈਬ ਸਿੰਘ ਵਾਸੀ ਬਡਰੁਖਾਂ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਤਰਫ ਬਰਾਮਦੇ ’ਚ ਅਤੇ ਬਜ਼ੁਰਗ ਲਾਂਗਰੀ ਜਸਵੰਤ ਸਿੰਘ ਨਾਲ ਲੱਗਦੇ ਕਮਰੇ ’ਚ ਸੌ ਰਹੇ ਸਨ। ਰਾਤ ਕਰੀਬ 1:36 ਵਜੇ ਗੁਰਦੁਆਰੇ ਸਾਹਿਬ ਦੀ ਦੀਵਾਰ ਟੱਪ ਕੇ ਆਏ ਚਾਰ ਨਕਾਬਪੋਸ਼ਾਂ ’ਚੋਂ ਤਿੰਨ ਨੇ ਉਸ ਨੂੰ ਮੰਜਾ ਤੇ ਕੰਬਲ ਲੈ ਕੇ ਸੁੱਤੇ ਸਮੇਂ ਦਬੋਚ ਲਿਆ। ਇਕ ਨੇ ਉਸ ਦਾ ਗਲਾ ਦਬਾਉਣ ਤੇ ਇਕ ਨੇ ਲੱਤਾਂ ਬੰਨ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਲੱਤਾਂ ਮਾਰ ਕੇ ਉਨ੍ਹਾਂ ਨੂੰ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਰੌਲ ਪਾ ਦਿੱਤਾ। ਰੌਲਾ ਸੁਣ ਕੇ ਨਾਲ ਦੇ ਕਮਰੇ ’ਚ ਸੌ ਰਹੇ ਸੇਵਾਦਾਰ ਜਸਵੰਤ ਸਿੰਘ ਕਮਰੇ ਤੋਂ ਬਾਹਰ ਨਿਕਲੇ ਤਾਂ ਦੋ ਹੋਰ ਲੁਟੇਰੇ ਜਸਵੰਤ ਸਿੰਘ ਨਾਲ ਹੱਥਾਪਾਈ ਕਰਨ ਲੱਗੇ ਤੇ ਇਸ ਦੌਰਾਨ ਇਕ ਨੇ ਗੋਲ਼ੀ ਚਲਾਈ ਅਤੇ ਸਾਰੇ ਗੁਰੂਘਰ ਦੀ ਦੀਵਾਰ ਟੱਪ ਕੇ ਫ਼ਰਾਰ ਹੋ ਗਏ। ਅਜੈਬ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਜ਼ਮੀਨ ਤੇ ਡਿੱਗ ਗਿਆ। ਉਹ ਤੁਰੰਤ ਗੁਰੂਘਰ ਵੱਲ ਦੌੜ ਕੇ ਗਿਆ ਅਤੇ ਉੱਥੋਂ ਕਮੇਟੀ ਦੇ ਮੈਂਬਰ ਮੇਜਰ ਸਿੰਘ ਨੂੰ ਬੁਲਾਕੇ ਲਿਆ ਅਤੇ ਤੁਰੰਤ ਗੁਰੂਘਰ ’ਚ ਐਨਾਊਂਸਮੈਂਟ ਕਰ ਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਵੱਡੀ ਗਿਣਤੀ’ਚ ਪਿੰਡ ਵਾਸੀ ਗੁਰਦੁਆਰਾ ਸਾਹਿਬ ਪਹੁੰਚੇ ਤੇ ਜ਼ਖ਼ਮੀ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ।