- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂਘਰ ਦੇ ਸੇਵਾਦਾਰ ਨੂੰ ਗੋਲੀ ਮਾਰਨ ਤਿੰਨ ਵਿਅਕਤੀ ਅਸਲੇ ਸਮੇਤ ਕਾਬੂ, ਇੱਕ ਫਰਾਰ

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ
ਪਿੰਡ ਬਡਰੁੱਖਾਂ ਵਿਖੇ ਸੋਮਵਾਰ ਦੀ ਅੱਧੀ ਰਾਤ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿਚ ਕੰਧ ਟੱਪ ਕੇ ਦਾਖਲ ਹੋਏ ਜਿਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਨੂੰ ਗੋਲੀ ਮਾਰ ਦਿੱਤੀ ਸੀ, ਜਦੋਂ ਕਿ ਇੱਕ ਸੇਵਾਦਾਰ ਦੀ ਕੁੱਟਮਾਰ ਕੀਤੀ ਗਈ। ਗੋਲੀ ਲੱਗਣ ਨਾਲ ਜ਼ਖਮੀ ਹੋਏ ਸੇਵਾਦਾਰ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿਥੋਂ ਡਾਕਟਰਾਂ ਨੇ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 12 ਘੰਟਿਆਂ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਹਾਲੇ ਵੀ ਇੱਕ ਵਿਅਕਤੀ ਫਰਾਰ ਹੈ।
ਐਸਐਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਕਰੀਬ 1:30 ਵਜੇ ਕਾਰ ਚ ਸਵਾਰ ਕਰੀਬ ਚਾਰ ਅਣਪਛਾਤੇ ਵਿਅਕਤੀ ਪਿੰਡ ਦੇ ਵਿਚਕਾਰ ਸਥਿੱਤ ਗੁਰਦੁਆਰਾ ਸਾਹਿਬ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਚ ਕੰਧ ਟੱਪ ਕੇ ਦਾਖਲ ਹੋਏ। ਪਹਿਲਾਂ ਲੰਗਰ ਹਾਲ ਦੇ ਬਰਾਂਡੇ ਵਿੱਚ ਸੁੱਤੇ ਪਏ ਸੇਵਾਦਾਰ ਅਜੈਬ ਸਿੰਘ ਨੂੰ ਦਬੋਚ ਲਿਆ ਜਿਸ ਕੱਪੜੇ ਨਾਲ ਮੂੰਹ ਬੰਦ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ਤੇ ਰੌਲਾ ਪੈਣ ਤੇ ਅੰਦਰਲੇ ਕਮਰੇ ’ਚ ਸੁੱਤਾ ਸੇਵਾਦਾਰ ਜਿਉਂ ਹੀ ਜਸਵੰਤ ਸਿੰਘ ਬਾਹਰ ਆਇਆ ਤਾਂ ਉਸਨੂੰ ਗੋਲੀ ਮਾਰ ਦਿੱਤੀ। ਰੌਲਾ ਪੈਣ ਤੇ ਹਮਲਾਵਰ ਫਰਾਰ ਹੋ ਗਏ। ਬਾਅਦ ਵਿਚ ਗੁਰੂ ਘਰ ਤੋਂ ਘਟਨਾ ਬਾਰੇ ਅਨਾਊਂਸਮੈਂਟ ਕੀਤੀ ਗਈ ਅਤੇ ਪਿੰਡ ਦੇ ਲੋਕ ਗੁਰੂ ਘਰ ਪੁੱਜੇ ਅਤੇ ਜ਼ਖਮੀ ਸੇਵਾਦਾਰ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦਿਆਂ ਹੀ ਪੁਲੀਸ ਚੌਂਕੀ ਬਡਰੁੱਖਾਂ ਦੇ ਇੰਚਾਰਜ, ਥਾਣਾ ਲੌਂਗੋਵਾਲ ਦੇ ਐੱਸਐੱਚਓ ਅਤੇ ਡੀਐਸਪੀ ਸੁਨਾਮ ਪੁੱਜ ਗਏ ਸਨ ਜਿਨ੍ਹਾਂ ਨੇ ਘਟਨਾ ਦਾ ਜ਼ਾਇਜਾ ਲਿਆ ਅਤੇ ਗੁਰੂ ਘਰ ਵਿਚ ਲੱਗੇ ਸੀਸੀਟੀਵੀ ਫੁਟੇਜ ਚੈੱਕ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਰਣਦੀਪ ਸਿੰਘ, ਕਮੇਟੀ ਮੈਬਰ ਮੇਜਰ ਸਿੰਘ ਅਤੇ ਸਮੁੱਚੀ ਪੰਚਾਇਤ ਨੇ ਘਟਨਾ ਦੀ ਸਖਤ ਨਿੰਦਾ ਕੀਤੀ ਹੈ।
ਐਸਐਸਪੀ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਟੀਮਾਂ ਦਾ ਗਠਨ ਕਰਕੇ ਸਰਬਜੀਤ ਸਿੰਘ ਉਰਫ ਸਰਬਾ, ਜਗਸੀਰ ਸਿੰਘ ਉਰਫ ਸੀਰਾ ਵਾਸੀ ਕੱਟੂ ਜਿਲਾ ਬਰਨਾਲਾ, ਗੁਰਜੀਤ ਸਿੰਘ ਉਰਫ ਬੱਬੀ ਵਾਸੀ ਮਹਿਰਾਜ ਥਾਣਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ। ਜਦਕਿ ਗਗਨਦੀਪ ਸਿੰਘ ਵਾਸੀ ਜੇਠੂਕੇ ਬੁੱਗਰਾ ਜਿਲਾ ਬਠਿੰਡਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਫੜੇ ਗਏ ਤਿੰਨੋ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।