ਮੌਸਮ ਦੇ ਤਿੰਨ ਰੰਗ : ਸਵੇਰੇ ਧੁੰਦ, ਦੁਪਹਿਰੇ ਧੁੱਪ, ਸ਼ਾਮੀ ਠੰਢ
ਮੌਸਮ ਦੇ ਤਿੰਨ ਰੰਗ: ਸਵੇਰੇ ਧੁੰਦ, ਦੁਪਹਿਰੇ ਧੁੱਪ, ਸ਼ਾਮੀ ਠੰਢ
Publish Date: Wed, 21 Jan 2026 06:34 PM (IST)
Updated Date: Wed, 21 Jan 2026 06:36 PM (IST)
ਸੰਗਰੂਰ : ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਨਾਲ ਜਿੱਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ, ਉੱਥੇ ਹੀ ਪਸ਼ੂਆਂ ਤੋ ਲੈ ਕੇ ਫਸਲਾਂ ਤੇ ਵੀ ਇਸਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਮੌਸਮ ਆਪਣੇ ਵੱਖਰੇ ਹੀ ਰੰਗ ਵਿਖਾ ਰਿਹਾ ਹੈ। ਹਾਲਾਤ ਇਹ ਹਨ ਕਿ ਸਵੇਰੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਦੁਪਹਿਰ ਵੇਲੇ ਤਿੱਖੀ ਧੁੱਪ ਲੋਕਾਂ ਨੂੰ ਸਹਿਣ ਨਹੀਂ ਹੋ ਰਹੀ। ਜਦਕਿ ਸ਼ਾਮ ਹੁੰਦਿਆਂ ਹੀ ਫੇਰ ਤੋਂ ਠੰਢ ਆਪਣਾ ਕਹਿਰ ਵਰਾਉਣ ਲਗਦੀ ਹੈ। ਜਿਸ ਕਾਰਨ ਲੋਕਾਂ ਨੂੰ ਮੌਸਮ ਦੇ ਤਿੰਨ ਰੰਗ ਬਣਦੇ ਦਿਖਾਈ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਠੰਢ ਅਤੇ ਕੋਹਰੇ ਨਾਲ ਪ੍ਰਭਾਵਿਤ ਹੋਈਆਂ ਸਬਜ਼ੀਆਂ ਅਤੇ ਫਸਲਾਂ ਨੂੰ ਪਿਛਲੇ ਦੋ ਦਿਨਾਂ ਤੋਂ ਧੁੱਪ ਦਾ ਨਿੱਘ ਮਿਲਣ ਕਾਰਨ ਕੁਝ ਰਾਹਤ ਮਿਲੀ ਹੈ। ਦੂਜੇ ਪਾਸੇ, ਕੜਾਕੇ ਦੀ ਠੰਢ ਕਾਰਨ ਲੋਕਾਂ ਦਾ ਜੀਵਨ ਵੀ ਖਾਸਾ ਪ੍ਰਭਾਵਿਤ ਹੋ ਰਿਹਾ ਸੀ। ਹਾਲਾਤ ਅਜਿਹੇ ਬਣ ਗਏ ਕਿ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਅਤੇ ਜ਼ਰੂਰੀ ਕੰਮਾਂ ਲਈ ਹੀ ਲੋਕ ਬਾਹਰ ਨਿਕਲ ਰਹੇ ਸਨ। ਜਿਸ ਕਾਰਨ ਬਾਜ਼ਾਰਾਂ ਦੀ ਰੌਣਕ ਵੀ ਆਮ ਦਿਨਾਂ ਨਾਲੋਂ ਕਾਫੀ ਹੱਦ ਤਕ ਘਟ ਗਈ ਸੀ ਅਤੇ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਕੇ ਰਹਿ ਗਿਆ। ਪਿਛਲੇ ਕਰੀਬ ਪੰਦਰਾਂ ਦਿਨਾਂ ਮਗਰੋਂ ਨਿਕਲੀ ਧੁੱਪ ਕਾਰਨ ਲੋਕਾਂ ਨੇ ਥੋੜੀ ਰਾਹਤ ਮਹਿਸੂਸ ਕੀਤੀ। ਬੁੱਧਵਾਰ ਨੂੰ ਵੱਧੋ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਤਕ ਅੱਪੜ ਗਿਆ, ਜਦਕਿ ਘੱਟੋ ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਿਕ ਅਗਲੇ ਤਿੰਨ ਦਿਨਾਂ ਤਕ ਅਸਮਾਨ ਤੇ ਬੱਦਲ ਬਣਨ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਤੇਜ ਹਵਾਵਾਂ ਚੱਲਣ ਦੀ ਉਮੀਦ ਹੈ। ਜਿਸ ਨੂੰ ਲੈ ਕੇ ਪਹਿਲਾਂ ਹੀ ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਨੇੜਲੇ ਪਿੰਡ ਬਡਰੁੱਖਾਂ ਅਤੇ ਉਭਾਵਾਲ ਦੇ ਕਿਸਾਨ ਗੁਰਵਿੰਦਰ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਲਈ ਜਿੱਥੇ ਧੁੰਦ ਅਤੇ ਕੋਹਰਾ ਚੰਗੇ ਮੰਨੇ ਜਾਂਦੇ ਹਨ, ਉੱਥੇ ਹੀ ਧੁੱਪ ਪੌਦਿਆਂ ਨੂੰ ਖੁਰਾਕ ਬਣਾਉਣ ਦੇ ਲਈ ਉਨੀਂ ਹੀ ਜ਼ਰੂਰੀ ਹੈ। ਜੇਕਰ ਅਗਲੇ ਦਿਨਾਂ ਵਿੱਚ ਬਾਰਿਸ਼ ਵੀ ਹੁੰਦੀ ਹੈ ਤਾਂ ਕਣਕ ਨੂੰ ਇਸਦਾ ਕੋਈ ਨੁਕਸਾਨ ਨਹੀ ਹੈ। ਪਰ ਸਬਜ਼ੀਆਂ ਦੇ ਛੋਟੇ ਪੌਦਿਆਂ ਨੂੰ ਤੇਜ਼ ਹਵਾ ਅਤੇ ਜ਼ਿਆਦਾ ਬਾਰਿਸ਼ ਦਾ ਨੁਕਸਾਨ ਹੋ ਸਕਦਾ ਹੈ।