ਫਾਇਰਿੰਗ ਮਾਮਲੇ ’ਚ ਤਿੰਨ ਮੁਲਜ਼ਮ ਹਥਿਆਰਾਂ ਸਮੇਤ ਕਾਬੂ ਫਾਇਰਿੰਗ ਮਾਮਲੇ ’ਚ ਤਿੰਨ ਮੁਲਜ਼ਮ ਹਥਿਆਰਾਂ ਸਮੇਤ ਕਾਬੂ
Publish Date: Fri, 04 Sep 2026 05:37 PM (IST)
Updated Date: Sat, 05 Sep 2026 04:01 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਨਵੇਂ ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਵੱਲੋਂ ਅਹੁਦਾ ਸੰਭਾਲਣ ਮਗਰੋਂ ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਦਿਆਂ ਫਾਇਰਿੰਗ ਦੇ ਇੱਕ ਮਾਮਲੇ ਵਿੱਚ ਲੋੜੀਂਦੇ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਏਐੱਸਆਈ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਹ ਕਾਰਵਾਈ ਲੁਧਿਆਣਾ ਬਾਈਪਾਸ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਕੀਤੀ। ਪੁਲਿਸ ਅਨੁਸਾਰ ਸੂਚਨਾ ਮਿਲੀ ਸੀ ਕਿ ਫਾਇਰਿੰਗ ਮਾਮਲੇ ਵਿੱਚ ਲੋੜੀਂਦੇ ਤਿੰਨੇ ਮੁਲਜ਼ਮ ਨੇੜਲੇ ਬਿਜਲੀ ਗਰਿੱਡ ਕੋਲ ਲੁਕੇ ਹੋਏ ਹਨ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸਈਦ ਸਹਿਮੂਨ ਉਰਫ਼ ਮੂਨ, ਮੁਹੰਮਦ ਸਮੀਰ ਉਰਫ਼ ਸਾਜੀ ਅਤੇ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਸਈਦ ਸਹਿਮੂਨ ਅਤੇ ਮੁਹੰਮਦ ਸਮੀਰ ਕੋਲੋਂ ਇੱਕ-ਇੱਕ .32 ਬੋਰ ਦੇਸੀ ਪਿਸਤੌਲ ਅਤੇ ਦੋ-ਦੋ ਜਿੰਦਾ ਕਾਰਤੂਸ, ਜਦਕਿ ਮੁਹੰਮਦ ਅਵੈਸ ਕੋਲੋਂ ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਥਾਣਾ ਸਿਟੀ-2 ਵਿੱਚ ਕੇਸ ਦਰਜ ਕੀਤਾ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਨਾਜਾਇਜ਼ ਹਥਿਆਰਾਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਪੁਲਿਸ ਦੀ ਕਾਰਵਾਈ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣ ਲਈ ਕਾਰਵਾਈ ਲਗਾਤਾਰ ਜਾਰੀ ਰਹੇਗੀ।