ਸੰਗਰੂਰ ’ਚ ਆਰਮੀ ਸਕੂਲ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਚੌਕਸ
ਸੰਗਰੂਰ ਵਿੱਚ ਇੱਕ ਪਾਸੇ ਜਿੱਥੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਉੱਤੇ ਪੈਟਰੋਲ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਛਾਉਣੀ ਵਿੱਚ ਮੌਜੂਦ ਆਰਮੀ ਸਕੂਲ ਵਿੱਚ ਧਮਾਕਾ ਕਰਨ ਦੀ ਧਮਕੀ ਭਰੀ ਈਮੇਲ ਮਿਲਣ ਨਾਲ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।
Publish Date: Mon, 27 Jul 2026 01:10 PM (IST)
Updated Date: Mon, 27 Jul 2026 01:13 PM (IST)
ਜਾਗਰਣ ਸੰਵਾਦਦਾਤਾ, ਸੰਗਰੂਰ। ਸੰਗਰੂਰ ਵਿੱਚ ਇੱਕ ਪਾਸੇ ਜਿੱਥੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਉੱਤੇ ਪੈਟਰੋਲ ਬੰਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਛਾਉਣੀ ਵਿੱਚ ਮੌਜੂਦ ਆਰਮੀ ਸਕੂਲ ਵਿੱਚ ਧਮਾਕਾ ਕਰਨ ਦੀ ਧਮਕੀ ਭਰੀ ਈਮੇਲ ਮਿਲਣ ਨਾਲ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ।
ਸੋਮਵਾਰ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਰਮੀ ਸਕੂਲ ਦੇ ਸਟਾਫ਼ ਦੇ ਪਹੁੰਚਣ 'ਤੇ ਧਮਕੀ ਭਰੀ ਈਮੇਲ ਆਉਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਤੌਰ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਚੈਕਿੰਗ ਕੀਤੀ, ਜਦਕਿ ਆਰਮੀ ਸਕੂਲ ’ਚ ਫ਼ੌਜ ਨੇ ਆਪਣੇ ਪੱਧਰ 'ਤੇ ਚੈਕਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਰਿਸਰ ਵਿੱਚੋਂ ਕਿਸੇ ਵੀ ਕਿਸਮ ਦੀ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸ.ਪੀ. (ਡੀ) ਦਵਿੰਦਰ ਸਿੰਘ ਅੱਤਰੀ ਅਤੇ ਡੀ.ਐੱਸ.ਪੀ. ਸੰਗਰੂਰ ਦਲਬੀਰ ਸਿੰਘ ਨੇ ਦੱਸਿਆ ਕਿ ਅਸਮਾਜਿਕ ਤੱਤ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਅਜਿਹੀਆਂ ਈਮੇਲਾਂ ਭੇਜਦੇ ਰਹਿੰਦੇ ਹਨ।
ਪਿਛਲੇ ਸਮੇਂ ਦੌਰਾਨ ਵੀ ਕੋਰਟ ਕੰਪਲੈਕਸ ਅਤੇ ਕੁਝ ਸਕੂਲਾਂ ਨੂੰ ਅਜਿਹੀਆਂ ਈਮੇਲਾਂ ਮਿਲ ਚੁੱਕੀਆਂ ਹਨ ਪਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਪੁਲਿਸ ਵੱਲੋਂ ਆਪਣੇ ਪੱਧਰ 'ਤੇ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅੱਜ ਵੀ ਚੈਕਿੰਗ ਕੀਤੀ ਗਈ ਹੈ, ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅਜਿਹੀ ਈਮੇਲ ਭੇਜਣ ਵਾਲੇ ਸਰੋਤ ਦੀ ਪੜਤਾਲ ਕੀਤੀ ਜਾ ਰਹੀ ਹੈ।
ਵਿਦੇਸ਼ੀ ਈਮੇਲ ਆਈ.ਡੀ. ਅਤੇ ਆਈ.ਪੀ. ਐਡਰੈੱਸ ਤੋਂ ਅਜਿਹੀਆਂ ਈਮੇਲਾਂ ਕੀਤੀਆਂ ਜਾ ਰਹੀ ਹਨ। ਜਲਦੀ ਹੀ ਪੁਲਿਸ ਇਨ੍ਹਾਂ ਦੀ ਪਛਾਣ ਕਰ ਲਵੇਗੀ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।