ਕੀ ਇਹ ਫੋਟੋ ਵਿਕਾਸ ਦੀ ਗਵਾਹੀ ਭਰਦੀ ਹੈ! ਬਰਨਾਲੇ ਦੀ ਇਹ ਫੋਟੋ ਵਿਕਾਸ ਦੀ ਨਹੀਂ, ਸਿਸਟਮ ਦੇ ਫੇਲ੍ਹ ਹੋਣ ਦੀ ਗਵਾਹੀ ਭਰਦੀ ਹੈ!
Publish Date: Sun, 19 Jul 2026 07:34 PM (IST)
Updated Date: Sun, 19 Jul 2026 07:37 PM (IST)
30 ਸਾਲਾਂ ਤੋਂ ਨਰਕ ਭੋਗਣ ਨੂੰ ਮਜਬੂਰ ਨੇ ਲੋਕ ਮਹੀਨੇ ਤੋਂ ਹਾਲਾਤ ਜਮਾਂ ਈ ਖ਼ਰਾਬ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ ਦੇ ਬੱਸ ਸਟੈਂਡ ਕੋਲ ਪੈਂਦੀ ਮੀਟ ਮਾਰਕੀਟ ਵਾਲੀ ਸੜਕ, ਵਾਲਮੀਕਿ ਚੌਂਕ ਦੇ ਲਾਗੇ ਤੇ ਟਿਊਬਵੈੱਲ ਨੰਬਰ-3 ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੀਵਰੇਜ ਦਾ ਗੰਦਾ ਪਾਣੀ ਪਿਛਲੇ ਕੋਈ 30 ਸਾਲਾਂ ਤੋਂ ਨਰਕ ਬਣਿਆ ਹੋਇਆ ਹੈ। ਲੰਘੇ ਇੱਕ ਮਹੀਨੇ ਤੋਂ ਤਾਂ ਇੱਥੇ ਹਾਲਾਤ ਬਿਲਕੁੱਲ ਹੀ ਨਰਕ ਵਰਗੇ ਹੋ ਗਏ ਹਨ। ਸੀਵਰੇਜ ਦਾ ਗੰਦ-ਮੰਦ ਸੜਕਾਂ ਤੇ ਨੱਕੋ-ਨੱਕ ਭਰਿਆ ਖੜ੍ਹਾ ਹੈ, ਜਿਸ ਕਰਕੇ ਮੁਹੱਲੇ ਵਾਲਿਆਂ ਤੇ ਰਾਹੀਆਂ ਦਾ ਜਿਊਣਾ ਦੁਭਰ ਹੋਇਆ ਪਿਆ ਹੈ। --ਦੁਕਾਨਾਂ ਦੇ ਮੂਹਰੇ ਲੱਗੇ ਗੰਦ ਦੇ ਢੇਰ, ਕਾਰੋਬਾਰ ਹੋਏ ਠੱਪ ਇਲਾਕੇ ਦੇ ਲੋਕਾਂ ਨੇ ਦੁਖੀ ਹੋ ਕੇ ਦੱਸਿਆ ਕਿ ਸੀਵਰ ਦਾ ਮੁਸ਼ਕ ਮਾਰਦਾ ਪਾਣੀ ਹੁਣ ਦੁਕਾਨਾਂ ਦੀਆਂ ਚੌਖਟਾਂ ਤੱਕ ਅੱਪੜ ਗਿਆ ਹੈ। ਜੇ ਇਹੀ ਹਾਲ ਰਿਹਾ ਤਾਂ ਪਾਣੀ ਦੁਕਾਨਾਂ ਦੇ ਅੰਦਰ ਵੜਨ ਚ ਵੀ ਕੋਈ ਕਸਰ ਨਹੀਂ ਛੱਡੇਗਾ। ਹਰ ਵੇਲੇ ਦੀ ਬਦਬੂ, ਗੰਦਗੀ ਤੇ ਮੱਛਰਾਂ ਦੀ ਭਰਮਾਰ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਰੱਖਿਆ ਹੈ। ਇੱਥੋਂ ਦੇ ਵਸਨੀਕ ਤੇ ‘ਜੱਸਲ ਕਲਾਥ ਹਾਊਸ’ ਦੇ ਮਾਲਕ ਨਵਦੀਪ ਸਿੰਘ ਕਾਹਨੇ-ਕੇ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਨਗਰ ਨਿਗਮ ਤੇ ਪ੍ਰਸ਼ਾਸਨ ਦੇ ਅਫ਼ਸਰਾਂ ਨੂੰ ਲਿਖ ਕੇ ਵੀ ਦੇ ਚੁੱਕੇ ਹਾਂ ਤੇ ਮੂੰਹ-ਜ਼ਬਾਨੀ ਵੀ ਬਥੇਰਾ ਰੋ ਚੁੱਕੇ ਹਾਂ ਪਰ ਇਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਜਦੋਂ ਬਹੁਤਾ ਰੌਲਾ ਪਾਓ, ਤਾਂ ਆ ਕੇ ਮਾੜੀ-ਮੋਟੀ ਸਫ਼ਾਈ ਜਿਹੀ ਕਰਕੇ ਡੰਗ ਟਪਾ ਜਾਂਦੇ ਨੇ, ਪਰ ਦੋ ਦਿਨਾਂ ਬਾਅਦ ਸੀਵਰ ਫੇਰ ਓਵਰਫਲੋਅ ਹੋ ਕੇ ਸੜਕ ਤੇ ਵਹਿਣ ਲੱਗ ਜਾਂਦਾ ਹੈ। --ਸਕੂਲੀ ਜਵਾਕ ਤੇ ਸ਼ਰਧਾਲੂ ਗੰਦਗੀ ਚੋਂ ਲੰਘਣ ਲਈ ਮਜਬੂਰ ਦੱਸਣਯੋਗ ਹੈ ਕਿ ਇਸ ਹਿੱਸੇ ਵਿੱਚ ਕਈ ਸਕੂਲ, ਇੱਕ ਮੰਦਰ ਤੇ ਦਰਜਨਾਂ ਦੁਕਾਨਾਂ ਆਉਂਦੀਆਂ ਹਨ। ਰੋਜ਼ਾਨਾ ਛੋਟੇ-ਛੋਟੇ ਸਕੂਲੀ ਜਵਾਕ, ਮਾਸਟਰ, ਮੰਦਰ ਆਉਣ ਵਾਲੇ ਸ਼ਰਧਾਲੂ ਤੇ ਗਾਹਕ ਇਸੇ ਗੰਦੇ ਪਾਣੀ ਵਿੱਚੋਂ ਲੰਘ ਕੇ ਜਾਣ ਲਈ ਮਜਬੂਰ ਹਨ। ਜਵਾਕਾਂ ਦੇ ਮਾਪਿਆਂ ਨੂੰ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਕਿਤੇ ਕੋਈ ਭਿਆਨਕ ਬਿਮਾਰੀ ਨਾ ਸਹੇੜ ਬੈਠਣ। ਦੂਜੇ ਬੰਨੇ, ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦਗੀ ਤੇ ਬਦਬੂ ਕਰਕੇ ਗਾਹਕ ਦੁਕਾਨਾਂ ਵੱਲ ਆਉਣੋਂ ਹਟ ਗਏ ਹਨ, ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਜਮਾਂ ਚੌਪਟ ਹੋ ਗਿਆ ਹੈ। -ਟੈਕਸ ਪੂਰੇ ਲੈਂਦੇ ਨੇ, ਸਹੂਲਤਾਂ ਦੇ ਨਾਂ ਤੇ ਸਿਰਫ਼ ਲਾਰੇ! ਲੋਕਾਂ ਨੇ ਗੁੱਸੇ ਵਿੱਚ ਆਖਿਆ ਕਿ ਸਰਕਾਰ ਸਾਡੇ ਤੋਂ ਟੈਕਸ ਤਾਂ ਧੱਕੇ ਨਾਲ ਪੂਰਾ ਵਸੂਲਦੀ ਹੈ, ਪਰ ਜਦੋਂ ਬੁਨਿਆਦੀ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਸਿਰਫ਼ ਲਾਰੇ-ਲੱਪੇ ਹੀ ਮਿਲਦੇ ਹਨ। ਉਨ੍ਹਾਂ ਨੇ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਸੀਵਰੇਜ ਸਿਸਟਮ ਦੀ ਚੰਗੀ ਤਰ੍ਹਾਂ ਪੜਤਾਲ ਕਰਕੇ ਇਸ ਦਾ ਕੋਈ ਪੱਕਾ ਤੇ ਸਥਾਈ ਹੱਲ ਕੱਢਿਆ ਜਾਵੇ। --ਅਫ਼ਸਰਸ਼ਾਹੀ ਦਾ ਦਾਅਵਾ : ਸਵੇਰੇ ਹੀ ਕਰਾਂਗੇ ਹੱਲ ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਐੱਸਡੀਓ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਰਵਾਇਤੀ ਜਵਾਬ ਦਿੰਦਿਆਂ ਆਖਿਆ, ਇਹ ਮਾਮਲਾ ਹੁਣੇ ਤੁਹਾਡੇ ਰਾਹੀਂ ਹੀ ਮੇਰੇ ਧਿਆਨ ਵਿੱਚ ਆਇਆ ਹੈ। ਸਵੇਰੇ ਦਿਨ ਚੜ੍ਹਦੇ ਸਾਰ ਹੀ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਨੂੰ ਹੱਲ ਕਰਵਾ ਦਿੱਤਾ ਜਾਵੇਗਾ। -ਹੁਣ ਉਮੀਦਾਂ ਬਰਨਾਲਾ ਦੇ ਮੇਅਰ ਹਸਨਪ੍ਰੀਤ ’ਤੇ ਭਾਵੇਂ ਪ੍ਰਸ਼ਾਸਨਿਕ ਅਫ਼ਸਰਾਂ ਤੋਂ ਲੋਕ ਅੱਕੇ ਹੋਏ ਹਨ, ਪਰ ਸਥਾਨਕ ਲੋਕਾਂ ਨੇ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਤੇ ਪੂਰਾ ਭਰੋਸਾ ਜਤਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਮੇਅਰ ਬਹੁਤ ਨੇਕ ਇਨਸਾਨ ਹਨ ਤੇ ਆਪਣੀ ਡਿਊਟੀ ਨੂੰ ਬੜੀ ਇਮਾਨਦਾਰੀ ਤੇ ਗੰਭੀਰਤਾ ਨਾਲ ਨਿਭਾਉਂਦੇ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਬਰਨਾਲਾ ਨਗਰ ਨਿਗਮ ਦੇ ਪਲੇਠੇ ਮੇਅਰ ਉਨ੍ਹਾਂ ਦੇ ਇਸ ਪੁਰਾਣੇ ਦੁੱਖ ਨੂੰ ਸਮਝਣਗੇ ਤੇ ਇਸ ਮੁਸੀਬਤ ਤੋਂ ਛੁਟਕਾਰਾ ਦਿਵਾਉਣ ਲਈ ਜਲਦ ਹੀ ਕੋਈ ਪੁਖ਼ਤਾ ਤੇ ਵੱਡਾ ਕਦਮ ਚੁੱਕਣਗੇ।