ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ! ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ!
Publish Date: Sat, 22 Aug 2026 03:31 PM (IST)
Updated Date: Sun, 23 Aug 2026 04:00 AM (IST)
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਟ੍ਰੈਫਿਕ ਇੰਚਾਰਜ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਦੇ ਮੰਤਵ ਨਾਲ ਸਥਾਨਕ ਟ੍ਰੈਫਿਕ ਪੁਲਿਸ ਵੱਲੋਂ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਸਬ ਇੰਸਪੈਕਟਰ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਹਰਭਜਨ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਪ੍ਰਮੁੱਖ ਸੜਕਾਂ ’ਤੇ ਨਾਕਾਬੰਦੀ ਕਰਕੇ ਨਿਯਮ ਤੋੜਨ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਵੱਲੋਂ ਖ਼ਾਸ ਤੌਰ ’ਤੇ ਵਾਹਨਾਂ ’ਤੇ ਲਾਈਆਂ ਗੈਰ-ਕਾਨੂੰਨੀ ਕਾਲੀਆਂ ਫਿਲਮਾਂ, ਕਾਲੀਆਂ ਜਾਲੀਆਂ ਨੂੰ ਉਤਾਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਚਲਾਨ ਵੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬੁਲੇਟ ਮੋਟਰਸਾਈਕਲਾਂ ਅਤੇ ਹੋਰ ਦੋ-ਪਹੀਆ ਵਾਹਨਾਂ ’ਤੇ ਮੋਡੀਫਾਈਡ ਸਾਈਲੈਂਸਰ ਲਾ ਕੇ ਪਟਾਕਿਆਂ ਵਰਗੀ ਉੱਚੀ ਆਵਾਜ਼ ਪੈਦਾ ਕਰਨ ਵਾਲਿਆਂ ਅਤੇ ਪ੍ਰੈੱਸ਼ਰ ਹਾਰਨ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵੀ ਕਾਰਵਾਈ ਵੀ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ। ਪੁਲਿਸ ਦੀ ਇਸ ਕਾਰਵਾਈ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸ਼ੋਰ ਪ੍ਰਦੂਸ਼ਣ ਤੋਂ ਰਾਹਤ ਦੇਣ ਦੇ ਨਾਲ-ਨਾਲ ਸੜਕਾਂ ’ਤੇ ਅਨੁਸ਼ਾਸਨ ਕਾਇਮ ਕਰਨਾ ਹੈ। ਟ੍ਰੈਫਿਕ ਇੰਚਾਰਜ ਹਰਭਜਨ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰੇਵਾਲ ਚੌਕ, ਰੇਲਵੇ ਚੌਕ ਸਮੇਤ ਸ਼ਹਿਰ ਦੇ ਹੋਰ ਪ੍ਰਮੁੱਖ ਚੌਕਾਂ ਵਿੱਚ ਲਗਾਤਾਰ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਦਸਤਾਵੇਜ਼ ਮੁਕੰਮਲ ਰੱਖਣ ਅਤੇ ਵਾਹਨਾਂ ਵਿੱਚ ਗੈਰ-ਕਾਨੂੰਨੀ ਤਬਦੀਲੀਆਂ ਕਰਵਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਵਾਹਨਾਂ ’ਤੇ ਕਾਲੀਆਂ ਫਿਲਮਾਂ ਲਾਉਣ, ਪ੍ਰੈੱਸ਼ਰ ਹਾਰਨ ਜਾਂ ਮੋਡੀਫਾਈਡ ਸਾਈਲੈਂਸਰਾਂ ਦੀ ਵਰਤੋਂ ਕਰਕੇ ਟ੍ਰੈਫਿਕ ਨਿਯਮਾਂ ਨੂੰ ਅਣਦੇਖਿਆ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਲਈ ਪੁਲਿਸ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬੇਹੱਦ ਜ਼ਰੂਰੀ ਹੈ।