ਮਹੰਤ ਹਾਕਮ ਸਿੰਘ ਦੇ ਪੋਤਰੇ ਦਾ ਅਕਾਲ ਚਲਾਣਾ, ਸਸਕਾਰ ਅੱਜ ਮਹੰਤ ਹਾਕਮ ਸਿੰਘ ਦੇ ਪੋਤਰੇ ਤੇ ਗੁਰਪ੍ਰੀਤ ਸਿੰਘ ਦੇ ਪੁੱਤਰ, ਨੌਜਵਾਨ ਸਿੱਖ ਪ੍ਰਚਾਰਕ ਗੁਰਇੱਕਪ੍ਰੀਤ ਸਿੰਘ (ਯੂ.ਐੱਸ.ਏ.) ਦਾ ਦੁਖਦਾਈ ਅਕਾਲ ਚਲਾਣਾ
Publish Date: Tue, 21 Jul 2026 05:36 PM (IST)
Updated Date: Wed, 22 Jul 2026 04:05 AM (IST)
ਯਾਦਵਿੰਦਰ ਸਿੰਘ, ਭੁੱਲਰ ਪੰਜਾਬੀ ਜਾਗਰਣ, ਬਰਨਾਲਾ : ਸੰਤ ਸਮਾਜ ਦੇ ਪ੍ਰਮੁੱਖ ਆਗੂ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਦੇ ਪੋਤਰੇ, ਸੀਨੀਅਰ ਅਕਾਲੀ ਆਗੂ ਤੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਦੇ ਹੋਣਹਾਰ ਪੁੱਤਰ, ਪ੍ਰਸਿੱਧ ਨੌਜਵਾਨ ਸਿੱਖ ਪ੍ਰਚਾਰਕ ਗੁਰਇੱਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ (ਯੂ.ਐੱਸ.ਏ.) ਦੀ ਬੀਤੀ ਰਾਤ ਗੋਲੀ ਲੱਗਣ ਕਾਰਨ ਦੁਖਦਾਈ ਮੌਤ ਹੋ ਗਈ। ਇਸ ਅਚਾਨਕ ਵਾਪਰੀ ਅਣਹੋਣੀ ਘਟਨਾ ਕਾਰਨ ਪੂਰੇ ਇਲਾਕੇ ਦੇ ਨਾਲ-ਨਾਲ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਡੂੰਘੇ ਸ਼ੋਕ ਦੀ ਲਹਿਰ ਦੌੜ ਗਈ ਹੈ। ਅਕਾਦਮਿਕ ਖੇਤਰ ’ਚ ਪ੍ਰਾਪਤੀ ਕਰਨ ਵਾਲੇ ਕਰੀਬ 20 ਸਾਲ ਦੀ ਉਮਰ ਦੇ ਇਸ ਗੁਰਸਿੱਖ ਨੌਜਵਾਨ ਨੇ ਅਮਰੀਕਾ ਦੀ ਪ੍ਰਸਿੱਧ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਤੋਂ 1 ਲੱਖ ਡਾਲਰ ਦੀ ਵੱਕਾਰੀ ਸਕਾਲਰਸ਼ਿਪ ਪ੍ਰਾਪਤ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਪੂਰੇ ਇਲਾਕੇ ਦਾ ਨਾਂਅ ਦੁਨੀਆ ਭਰ ਵਿੱਚ ਰੋਸ਼ਨ ਕੀਤਾ ਸੀ। ਗੁਰਇੱਕਪ੍ਰੀਤ ਸਿੰਘ ਦੇ ਸਿੱਖ ਪਛਾਣ ਲਈ ਇਤਿਹਾਸਕ ਵੱਡੇ ਯਤਨ ਸਨ। ਅਮਰੀਕਾ ਵਿੱਚ ਸਿੱਖ ਧਰਮ ਦੀ ਵੱਖਰੀ ਪਛਾਣ ਤੇ ਇਤਿਹਾਸ ਨੂੰ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕਰਵਾਉਣ ਲਈ ਨਿਊ ਜਰਸੀ ਦੀ ਸੈਨੇਟ ਵਿੱਚ ਲਿਆਂਦੇ ਗਏ ਇਤਿਹਾਸਕ ਮਤੇ ਐਸਆਰ 108 ਦੇ ਸਮਰਥਨ ’ਚ ਗੁਰਇੱਕਪ੍ਰੀਤ ਸਿੰਘ ਨੇ ਅਹਿਮ ਤੇ ਸ਼ਲਾਘਾਯੋਗ ਭੂਮਿਕਾ ਨਿਭਾਈ ਸੀ। -ਧਾਰਮਿਕ ਪ੍ਰਚਾਰ ਅਤੇ ਨੌਜਵਾਨਾਂ ਲਈ ਪ੍ਰੇਰਨਾ ਆਪਣੇ ਦਾਦਾ ਜੀ ਤੇ ਪਿਤਾ ਜੀ ਤੋਂ ਮਿਲੀ ਧਾਰਮਿਕ ਗੁੜ੍ਹਤੀ ਅਤੇ ਗੁਰਸਿੱਖੀ ਦੀ ਪ੍ਰੇਰਨਾ ਸਦਕਾ ਉਸ ਨੇ ਮਾਤਰ 16 ਸਾਲ ਦੀ ਛੋਟੀ ਉਮਰ ਵਿੱਚ ਹੀ ਪੂਰੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਵਿੱਚ ਕਥਾ-ਵਿਚਾਰ ਅਤੇ ਸਿੱਖ ਇਤਿਹਾਸ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਧਾਰਮਿਕ ਵਿਰਾਸਤ ਨਾਲ ਜੋੜਨ ਲਈ ਨਿਰੰਤਰ ਵੱਡਾ ਯੋਗਦਾਨ ਪਾ ਰਿਹਾ ਸੀ। -ਇਲਾਕੇ ਵਿੱਚ ਸ਼ੋਕ ਦੀ ਲਹਿਰ ਅਤੇ ਅੰਤਿਮ ਸੰਸਕਾਰ ਦੀ ਜਾਣਕਾਰੀ ਇਸ ਅਜ਼ੀਮ ਅਤੇ ਉਮੀਦਾਂ ਭਰੇ ਨੌਜਵਾਨ ਪ੍ਰਚਾਰਕ ਦੀ ਬੇਵਕਤੀ ਮੌਤ ਤੇ ਵੱਖ-ਵੱਖ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਸਾਹਿਤਕ ਜਥੇਬੰਦੀਆਂ ਦੇ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਸਾਝੀ ਕੀਤੀ ਹੈ। ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਸਟੇਟ ਵਾਰਡੀ ਭੋਲਾ ਸਿੰਘ ਵਿਰਕ, ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਦੇ ਮਾਲਕ ਰਵਿੰਦਰਜੀਤ ਸਿੰਘ ਬਿੰਦੀ, ਮਦਰ ਟੀਚਰ ਸਕੂਲ ਦੇ ਮਾਲਕ ਕਪਿਲ ਮਿੱਤਲ, ਸੰਤ ਬਲਵੀਰ ਸਿੰਘ ਘੁੰਨਸ, ਆਹ ਦੱਸਣੇ ਜਿਲ੍ਹਾ ਬਰਨਾਲਾ ਦੀਆਂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਵੱਖ -ਵੱਖ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਬਾਬਾ ਗਾਂਧਾ ਸਿੰਘ ਗਰੁੱਪ ਆਫ ਐਜੂਕੇਸ਼ਨ ਦੇ ਚੇਅਰਮੈਨ ਰਣਪ੍ਰੀਤ ਸਿੰਘ ਰਾਏ ਨੇ ਆਪਣੇ ਭਤੀਜੇ ਦੀਆਂ ਅੰਤਿਮ ਰਸਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰਗਵਾਸੀ ਗੁਰਇੱਕਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ 22 ਜੁਲਾਈ ਨੂੰ ਦੁਪਹਿਰ 12:00 ਵਜੇ ਉਨ੍ਹਾਂ ਦੇ ਜੱਦੀ ਪਿੰਡ ਗੰਡਾ ਸਿੰਘ ਵਾਲਾ ਵਿਖੇ ਕੀਤਾ ਜਾਵੇਗਾ।