ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਥੇਬੰਦੀ ਨੇ ਗ੍ਰਹਿ ਮੰਤਰੀ ਦੇ ਨਾਮ ਡੀਸੀ ਨੂੰ ਸੌਂਪਿਆ ਮੰਗ ਪੱਤਰ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਥੇਬੰਦੀ ਨੇ ਗ੍ਰਹਿ ਮੰਤਰੀ ਦੇ ਨਾਮ ਡੀਸੀ ਨੂੰ ਸੌਂਪਿਆ ਮੰਗ ਪੱਤਰ
Publish Date: Tue, 14 Jul 2026 03:56 PM (IST)
Updated Date: Wed, 15 Jul 2026 04:01 AM (IST)
- ਸਤਲੁਜ ਫ਼ਿਲਮ ਦੁਬਾਰਾ ਰਿਲੀਜ ਕਰਾਉਣ, ਡੀਐੱਸਪੀ ਨੂੰ ਲੱਭਕੇ ਜੇਲ੍ਹ ’ਚ ਸੁੱਟਣ ਤੇ ਟਰੁੱਥ ਕਮਿਸ਼ਨ ਬਣਾਉਣ ਦੀ ਕੀਤੀ ਮੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਥੇਬੰਦੀ ਵਲੋਂ ਸਤਲੁਜ ਫ਼ਿਲਮ ਦੁਬਾਰਾ ਰਿਲੀਜ ਕਰਾਉਣ, ਡੀਐੱਸਪੀ ਨੂੰ ਲੱਭਕੇ ਜੇਲ੍ਹ ਚ ਸੁੱਟਣ ਤੇ ਟਰੁੱਥ ਕਮਿਸ਼ਨ ਬਣਾਉਣ ਦੀ ਕੀਤੀ ਮੰਗ ਨੂੰ ਲੈ ਕੇ ਦੇਸ ਦੇ ਗ੍ਰਹਿ ਮੰਤਰੀ ਦੇ ਨਾਮ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਣ ਉਪਰੰਤ ਜਾਣਕਾਰੀ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਭਾਈ ਜਸਬੀਰ ਸਿੰਘ ਰੋਡੇ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ, ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਯੂਨਾਈਟਡ ਅਕਾਲੀ ਦਲ, ਗੁਰਿੰਦਰ ਸਿੰਘ ਬਾਜਵਾ ਪ੍ਰਧਾਨ ਬੇਗਮਪੁਰਾ ਖਾਲਸਾ ਰਾਜ ਪਾਰਟੀ, ਮਨਦੀਪ ਸਿੰਘ ਪੰਥ ਆਜਾਦ ਗਰੁੱਪ, ਤੇਜਾ ਸਿੰਘ ਕਮਾਲਪੁਰ ਸੀਨੀਅਰ ਮੀਤ ਪ੍ਰਧਾਨ, ਤਰਨਜੀਤ ਸਿੰਘ ਦੁੱਗਲ ਜ਼ਿਲ੍ਹਾ ਪ੍ਰਧਾਨ ਆਦਿ ਨੇ ਕਿਹਾ ਕਿ ਮੰਗ ਪੱਤਰ ’ਚ ਕੁੱਝ ਖਾਸ ਮੁੱਦਿਆਂ ਵੱਲ ਧਿਆਨ ਦਿੱਤਾ ਗਿਆ ਹੈ। ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ 1980-95 ਦੇ ਡੇਢ ਦਹਾਕੇ ਦੌਰਾਨ ਪੰਜਾਬੀਆਂ ਵੱਲੋਂ, ਇਕ ਪਾਰਟੀ ਦੀ ਸੰਕੀਰਣ ਰਾਜਸੀ ਸੋਚ ਕਾਰਨ, ਹੰਢਾਏ ਸੰਤਾਪ ਨਾਲ ਜੁੜਦਾ ਹੈ। ਇਹ ਅਜਿਹਾ ਕਾਲਾ ਦੌਰ ਸੀ ਜਦੋਂ ਆਪਣੇ ਭਵਿੱਖ ਲਈ ਸੰਘਰਸ਼ ਕਰ ਰਹੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਨਸਲਕੁਸ਼ੀ ਦੀ ਹੱਦ ਤੱਕ ਮੁਕਾ ਦੇਣ ਦੀ ਕੋਸ਼ਿਸ਼ ਹੋਈ। ਇਸ ਸਮੇਂ ’ਚ ਸਰਕਾਰੀ ਸਰਪ੍ਰਸਤੀ ਹੇਠ ਕਿੰਨੇ ਸਿੱਖ ਬੱਚਿਆਂ, ਬੀਬੀਆਂ, ਨੌਜਵਾਨਾਂ ਤੇ ਬਜੁਰਗਾਂ ਨੂੰ ਜਾਲਮ ਪੁਲਿਸ ਅਫਸਰਾਂ ਵੱਲੋਂ ਕਤਲ ਕਰ ਦਿੱਤਾ ਗਿਆ, ਇਸ ਦੀ ਕੋਈ ਅਧਿਕਾਰਤ ਗਿਣਤੀ ਉਪਲੱਬਧ ਨਹੀਂ ਹੈ। ਇਸ ਬਾਰੇ ਤੱਥਾਂ ਦੀ ਖੋਜ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਰਨਲ ਸਕੱਤਰ ਜਸਵੰਤ ਸਿੰਘ ਖਾਲੜਾ ਨੇ ਇਕ ਕੋਸ਼ਿਸ਼ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਇਕ ਜਿਲ੍ਹੇ ’ਚੋਂ ਸਬੂਤ ਇਕੱਠੇ ਕਰਕੇ ਅੰਦਾਜ਼ਨ ਅੰਕੜਾ ਦਿੱਤਾ ਸੀ ਕਿ ਪੂਰੇ ਪੰਜਾਬ ’ਚ ਕੋਈ ਪੱਚੀ ਹਜਾਰ ਦੇ ਕਰੀਬ ਲੋਕਾਂ ਨੂੰ ਕਤਲ ਕਰਕੇ, ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ। ਖਾਲੜਾ ਵੱਲੋਂ ਦਿੱਤੇ ਗਏ ਸਬੂਤਾਂ ਦੀ ਜਾਂਚ ਤਾਂ ਕੀ ਹੋਣੀ ਸੀ, ਉਲਟਾ ਉਨ੍ਹਾਂ ਨੂੰ ਵੀ ਮਾਰ ਕੇ ਖਪਾ ਦਿੱਤਾ ਗਿਆ। ਅੱਜ ਤੀਹ ਸਾਲ ਬਾਦ ਜਦੋਂ ਖਾਲੜਾ ਵੱਲੋਂ ਇਕੱਠੇ ਕੀਤੇ ਸਬੂਤਾਂ ਦੇ ਆਧਾਰ ਤੇ, ਜਿੰਨਾਂ ਨੂੰ ਸੁਪਰੀਮ ਕੋਰਟ ਨੇ ਵੀ ਸਹੀ ਮੰਨਦਿਆਂ ਕਰੀਬ ਦੋ ਹਜਾਰ ਪਰਿਵਾਰਾਂ ਨੂੰ ਮੁਆਵਜਾ ਦਿੱਤਾ ਹੈ, ਇਕ ਫਿਲਮ ਬਣੀ ਹੈ, ਜਿਸ ਨੂੰ ਬਿਨਾ ਕੋਈ ਠੋਸ ਕਾਰਨ ਦੱਸੇ ਬੈਨ ਕਰ ਦਿੱਤਾ ਗਿਆ ਹੈ। ਆਪਣੀ ਕਾਤਲ ਕਾਂਗਰਸ ਸਰਕਾਰ ਤੋਂ ਤਾਂ ਅਸੀਂ ਆਸ ਵੀ ਨਹੀਂ ਸੀ ਕਰ ਸਕਦੇ ਕਿ ਸਾਨੂੰ ਇਨਸਾਫ ਦੇਣਗੇ। ਇਸ ਲਈ ਬਦਲੇ ਹੋਏ ਰਾਜ ’ਚ ਤੁਹਾਡੀ ਸਰਕਾਰ ਦੇ ਸਿੱਖਾਂ ਪ੍ਰਤੀ ਹਮਦਰਦੀ ਵਾਲੇ ਰਵੱਈਏ ਨੂੰ ਵੇਖਦਿਆਂ ਸਿੱਖ ਇਹ ਸੋਚ ਰੱਖਦੇ ਹਨ ਕਿ ਹੁਣ ਸਾਡੇ ਨਾਲ ਇਨਸਾਫ ਕਰਕੇ ਦੋਸ਼ੀਆਂ ਨੂੰ ਕਟਿਹਰੇ ’ਚ ਖੜੇ ਕਰਨ ਦਾ ਸਮਾਂ ਆ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਤੇ ਆਧਾਰਿਤ ਫਿਲਮ ਪੰਜਾਬ 95 ਨੂੰ ਉਸੇ ਨਾਮ ਹੇਠ ਬਿਨਾਂ ਕਿਸੇ ਸੈਂਸਰ ਕੱਟ ਤੋਂ ਸਿਨੇਮਾਂ ਘਰਾਂ ’ਚ ਰਿਲੀਜ ਕੀਤਾ ਜਾਵੇ। ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ’ਚ ਸਜਾ-ਜਾਫਤਾ ਮੁਜਰਿਮ ਡੀ.ਐਸ.ਪੀ ਜਸਪਾਲ ਸਿੰਘ ਲੰਬੇ ਸਮੇਂ ਤੋਂ, ਜੇਲ੍ਹ ਚੋਂ ਛੁੱਟੀ ਆਉਣ ਤੇ, ਫਰਾਰ ਦੱਸਿਆ ਜਾ ਰਿਹਾ ਹੈ। ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਨੇ ਉਸਦੀ ਸਜਾ ਮਾਫੀ ਦੀ ਸਿਫਾਰਸ਼ ਵੀ ਕੀਤੀ ਸੀ। ਇਸ ਸਾਰੇ ਮਾਮਲੇ ਦੀ ਪੜਤਾਲ ਕਰਵਾ ਕੇ, ਮੁਜਰਿਮ ਨੂੰ ਲੱਭ ਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਤੇ ਸਜਾ ਮਾਫੀ ਦੀਆਂ ਸਿਫਾਰਸ਼ਾਂ ਕਰਨ ਵਾਲਿਆਂ ਨੂੰ ਨਸ਼ਰ ਕੀਤਾ ਜਾਵੇ। ਇਸ ਮੌਕੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਾਜੀਆ, ਬਿੰਦਰ ਸਿੰਘ ਉਗੋਕੇ, ਬਹਾਦਰ ਸਿੰਘ,ਸਰਪੰਚ ਬਲਵੀਰ ਸਿੰਘ ਧੌਲਾ, ਬਲਵੰਤ ਸਿੰਘ ਨੰਬਰਦਾਰ ,ਅਮਰ ਸਿੰਘ ਬੀਏ, ਮੋਹਣ ਸਿੰਘ, ਰਵਿੰਦਰ ਸਿੰਘ ਰੰਮੀ ਢਿੱਲੋਂ, ਜਗਤਾਰ ਸਿੰਘ ਜਸਵਿੰਦਰ ਸਿੰਘ ਮੌੜ ਨਾਭਾ, ਜਗਜੀਤ ਸਿੰਘ ਤੇ ਹੋਰ ਆਗੂ ਸਾਹਿਬਾਨ ਹਾਜ਼ਰ ਹੋਏ।