- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਬਚਾਓ ਮੋਰਚੇ ਨੇ ਪਿੰਡਾਂ ’ਚ ਕੱਢਿਆ ਮੋਟਰਸਾਈਕਲ ਮਾਰਚ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਦੇਸ਼ ਬਚਾਓ ਮੋਰਚੇ ਦੇ ਸੱਦੇ ਤਹਿਤ ਬਲਾਕ ਦੇ ਤਕਰੀਬਨ ਦੋ ਦਰਜਨ ਪਿੰਡਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਸੈਂਕੜੇ ਮੋਟਰਸਾਈਕਲਾਂ ਨਾਲ ਝੰਡਾ ਮਾਰਚ ਬਲਾਕ ਆਗੂ ਨਾਇਬ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਕੀਤਾ ਗਿਆ। ਸੈਂਕੜੇ ਮੋਟਰਸਾਈਕਲਾਂ ਦਾ ਕਾਫ਼ਲਾ ਕੇਂਦਰ ਸਰਕਾਰ ਖ਼ਿਲਾਫ਼ ਤੇ ਕਿਸਾਨੀ ਮੰਗਾਂ ਦੇ ਪੱਖ ਨਾਅਰੇ ਲਾਉਂਦਾ ਹੋਇਆ ਦਿੜ੍ਹਬਾ ਵਿਖੇ ਐੱਸਡੀਐੱਮ ਦਫ਼ਤਰ ਅੱਗੇ ਪਹੁੰਚ ਕੇ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ। ਸਥਾਨਕ ਐੱਸਡੀਐੱਮ ਨੇ ਕਿਸਾਨਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਅਮਰੀਕਾ ਟਰੇਡ ਡੀਲ ਦੇ ਤਹਿਤ ਦੇਸ਼ ਦੇ ਲੋਕਾਂ ਦੇ ਰੁਜ਼ਗਾਰ ਤਬਾਹ ਕਰਨ ਦੇ ਰਸਤੇ ਪੈ ਰਹੀ ਹੈ। ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫ਼ੇ ਸੁਰੱਖਿਅਤ ਕਰਨ ਲਈ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਦੋ ਕਦਮ ਅੱਗੇ ਚੱਲਦਿਆਂ ਲੈਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦਾ ਉਜਾੜਾ ਕਰਨ ਤੇ ਉਤਾਰੂ ਹੈ ਤੇ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕਰ ਰਹੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਭਾਰਤ ਅਮਰੀਕਾ ਟਰੇਡ ਡੀਲ ਤੁਰੰਤ ਰੱਦ ਕੀਤੀ ਜਾਵੇ ਤੇ ਪੰਜਾਬ ਸਰਕਾਰ ਸਰਮਾਏਦਾਰਾਂ ਪੱਖੀ ਲੈਂਡ ਪੂਲਿੰਗ ਪਾਲਿਸੀ ਤੁਰੰਤ ਰੱਦ ਕਰੇ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਦੇਸ਼ ਬਚਾਓ ਮੋਰਚੇ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ 21 ਜੁਲਾਈ ਨੂੰ ਦਿੱਲੀ ਕਿਸਾਨ ਘਾਟ ’ਤੇ ਕੀਤੀ ਜਾ ਰਹੀ ਭਾਰਤ ਪੱਧਰੀ ਮਹਾਂ ਰੈਲੀ ਨੂੰ ਸਫ਼ਲ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਹੀ 11 ਵੱਜੇ ਪਹੁੰਚ ਕੇ ਆਪਣੇ ਏਕੇ ਦਾ ਸਬੂਤ ਦੇਣ ਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਪਣਾਂ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਚਰਨਜੀਤ ਸਿੰਘ ਘਨੌੜ ਸੰਤਪੁਰਾ, ਬਲਦੇਵ ਸਿੰਘ ਉਭਿਆ, ਰਣਵੀਰ ਸਿੰਘ ਬਘਰੌਲ, ਅਜੈਬ ਸਿੰਘ, ਹਰਪਾਲ ਸਿੰਘ ਕੌਹਰੀਆਂ, ਦਰਬਾਰਾ ਸਿੰਘ, ਗੁਰਚਰਨ ਸਿੰਘ ਖੇਤਲਾ, ਸਤਿਨਾਮ ਸਿੰਘ ਸ਼ੀਨਾ, ਰਾਮ ਸਿੰਘ ਗੁੱਜਰਾਂ, ਭਰਭੂਰ ਸਿੰਘ ਗੁੱਜਰਾਂ, ਬੁੱਧ ਸਿੰਘ ਸਿੰਧੜਾਂ, ਚਮਕੌਰ ਸਿੰਘ, ਮਾਂਗਾ ਸਿੰਘ, ਲਾਲੂ ਸਿੰਘ ਸ਼ਾਦੀਹਰੀ, ਜਸਪ੍ਰੀਤ ਸਿੰਘ ਬੱਬੂ, ਤਰਸਵੀਰ ਸਿੰਘ, ਜਤਿੰਦਰ ਸਿੰਘ ਹਰੀਗੜ੍ਹ, ਦੀਦਾਰ ਸਿੰਘ ਦਾਰੀ, ਲੀਲਾ ਸਿੰਘ ਦਿੜ੍ਹਬਾ, ਗੁਰਪਿਆਰ ਸਿੰਘ, ਗੁਰਤੇਜ ਸਿੰਘ, ਦਰਸਨ ਸਿੰਘ ਖਾਨਪੁਰ ਫ਼ਕੀਰਾਂ, ਸਤਿਗੁਰ ਸਿੰਘ, ਸ਼ੇਰ ਸਿੰਘ ਤੂਰਬੰਜਾਰਾ ਆਦਿ ਹਾਜ਼ਰ ਸਨ।