ਕਲੇਰਾਂ ਵਾਲੇ ਸੰਤਾਂ ਨੇ ਪੈਦਲ ਚੱਲ ਕੇ ਵੰਡੇ ਸੱਦਾ ਪੱਤਰ ਕਲੇਰਾਂ ਵਾਲੇ ਸੰਤਾਂ ਨੇ ਪੈਦਲ ਚੱਲ ਕੇ ਵੰਡੇ ਸੱਦਾ ਪੱਤਰ
Publish Date: Fri, 11 Sep 2026 03:38 PM (IST)
Updated Date: Sat, 12 Sep 2026 04:02 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਵਾਤਾਵਰਣ ਪ੍ਰੇਮੀ ਅਤੇ ਉੱਘੇ ਧਾਰਮਿਕ ਪ੍ਰਚਾਰਕ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਸਮਾਗਮ 30 ਦਸੰਬਰ ਨੂੰ ਪਿੰਡ ਕਲੇਰਾਂ ਸਥਿਤ ਤਪ ਅਸਥਾਨ ਭੋਰਾ ਸਾਹਿਬ ਵਿਖੇ ਧੰਨ-ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ। ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਸਮਾਗਮ ਦਾ ਸੱਦਾ ਪੱਤਰ ਇਲਾਕੇ ਦੀ ਸੰਗਤ ਤੱਕ ਪਹੁੰਚਾਉਣ ਲਈ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਵਾਲੇ ਪੈਦਲ ਚੱਲ ਕੇ ਅੱਜ ਉਹ ਘਨੌਰੀ ਕਲਾਂ, ਕਾਲਾਬੂਲਾ, ਦੀਦਾਰਗੜ੍ਹ, ਹੇੜੀਕੇ, ਈਨਾ ਬਾਜਵਾ, ਖੇੜੀ ਖੁਰਦ,ਸਲੇਮਪੁਰ, ਅਲਾਲ, ਮੂਲੋਵਾਲ ਆਦਿ ਪਿੰਡਾਂ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਦੀ ਇਸ ਸਾਦਗੀ ਅਤੇ ਸ਼ਰਧਾ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ। ਸੰਤ ਬਾਬਾ ਜਗਜੀਤ ਸਿੰਘ ਨੇ ਦੱਸਿਆ ਕਿ ਜੋੜ ਮੇਲੇ ਦੌਰਾਨ ਇਲਾਕੇ ਦੀਆਂ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਤ-ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਅਤੇ ਧਾਰਮਿਕ ਵਿਚਾਰਾਂ ਨਾਲ ਜੋੜਿਆ ਜਾਵੇਗਾ। ਇਸ ਮੌਕੇ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ। ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਤੇ ਵਾਤਾਵਰਣ ਸੰਭਾਲ ਨੂੰ ਬਣਾਇਆ ਮਿਸ਼ਨ ਜ਼ਿਕਰਯੋਗ ਹੈ ਕਿ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਵਾਲੇ ਪਿਛਲੇ ਲੰਮੇ ਸਮੇਂ ਤੋਂ ਤਪ ਅਸਥਾਨ ਭੋਰਾ ਸਾਹਿਬ ਤੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ, ਵੱਧ ਤੋਂ ਵੱਧ ਰੁੱਖ ਲਗਾਉਣ, ਬਜ਼ੁਰਗਾਂ ਲਈ ਅੱਖਾਂ ਦੇ ਕੈਂਪ ਅਤੇ ਪੰਛੀਆਂ ਲਈ ਰਹਿਣ-ਬਸੇਰੇ ਬਣਾਉਣ ਵਰਗੇ ਉਪਰਾਲੇ ਕਰ ਰਹੇ ਹਨ। ਉਹ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਧਾਰਮਿਕ ਦੀਵਾਨ ਸਜਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜਨ ਦਾ ਸੰਦੇਸ਼ ਦਿੰਦੇ ਹਨ। ਸੰਤ ਕਲੇਰਾਂ ਵਾਲਿਆਂ ਦੀ ਵਿਲੱਖਣ ਪਛਾਣ ਇਹ ਵੀ ਬਣੀ ਹੋਈ ਹੈ ਕਿ ਉਹ ਧਾਰਮਿਕ ਸਮਾਗਮਾਂ ਵਿੱਚ ਨੰਗੇ ਪੈਰੀਂ ਚੱਲ ਕੇ ਸ਼ਮੂਲੀਅਤ ਕਰਦੇ ਹਨ। ਇਸ ਤੋਂ ਪਹਿਲਾਂ ਵੀ ਉਹ ਪਿੰਡ ਕਲੇਰਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਪੈਦਲ ਯਾਤਰਾ ਕਰਦਿਆਂ ਰਸਤੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰ ਚੁੱਕੇ ਹਨ।ਉਨ੍ਹਾਂ ਇਲਾਕੇ ਦੇ ਮੋਹਤਵਰ ਪੰਚਾਂ-ਸਰਪੰਚਾਂ, ਧਾਰਮਿਕ ਆਗੂਆਂ ਅਤੇ ਗੁਰੂ ਨਾਲ ਪਿਆਰ ਕਰਨ ਵਾਲੀ ਸਮੂਹ ਸੰਗਤ ਨੂੰ ਸਲਾਨਾ ਜੋੜ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।