ਬਰਨਾਲਾ ਖੇਤੀਬਾੜੀ ਦਫ਼ਤਰ ਦਾ ਖਰੀਦਦਾਰ ਕਬਜ਼ੇ ਲਈ ਖਾ ਰਿਹਾ ਠੋਕਰਾਂ ਬਰਨਾਲਾ ਖੇਤੀਬਾੜੀ ਦਫ਼ਤਰ ਦੀ ਨਿਲਾਮੀ ਦਾ ਮਾਮਲਾ
Publish Date: Tue, 18 Aug 2026 07:25 PM (IST)
Updated Date: Wed, 19 Aug 2026 04:03 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਫਰਵਾਹੀ ਬਾਜ਼ਾਰ ਬਰਨਾਲਾ ਸਥਿਤ ਸਰਕਾਰੀ ਖੇਤੀਬਾੜੀ ਦਫ਼ਤਰ ਦੀ ਜ਼ਮੀਨ ਦੀ ਨਿਲਾਮੀ ਹੋਏ ਨੂੰ 9 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪਰ ਕਰੋੜਾਂ ਰੁਪਏ ਜਮ੍ਹਾਂ ਕਰਵਾਉਣ ਅਤੇ ਜੁਲਾਈ ਵਿੱਚ ਸਰਕਾਰ ਵੱਲੋਂ ਐੱਲ.ਓ.ਆਈ. ਮਿਲਣ ਦੇ ਬਾਵਜੂਦ ਖ਼ਰੀਦਦਾਰ ਕਬਜ਼ਾ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਲਈ ਮਜਬੂਰ ਹਨ। --ਨਿਲਾਮੀ ਅਤੇ ਭੁਗਤਾਨ ਦਾ ਵੇਰਵਾ ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਵੱਲੋਂ ਨਵੰਬਰ 2025 ਵਿੱਚ ਨਿਲਾਮ ਕੀਤੀਆਂ ਚੰਕ ਸਾਈਟਾਂ ਅਧੀਨ, 530 ਗਜ਼ ਵਿੱਚ ਬਣੇ ਇਸ ਦਫ਼ਤਰ ਦੀ ਆਨਲਾਈਨ ਬੋਲੀ 3.92 ਕਰੋੜ ਤੋਂ ਸ਼ੁਰੂ ਹੋਈ ਸੀ। ਬਰਨਾਲਾ ਦੇ ਰਹਿਣ ਵਾਲੇ ਫਲਵਿੰਦਰ ਸਿੰਘ ਅਤੇ ਰਾਜਕੁਮਾਰ ਨੇ ਇਹ ਬੋਲੀ ₹5 ਕਰੋੜ 6 ਲੱਖ 60 ਹਜ਼ਾਰ ਵਿੱਚ ਆਪਣੇ ਨਾਂ ਕੀਤੀ। ਨਿਯਮਾਂ ਅਨੁਸਾਰ ਖ਼ਰੀਦਦਾਰਾਂ ਨੇ ਬੋਲੀ ਵਾਲੇ ਦਿਨ 2%, ਇੱਕ ਹਫ਼ਤੇ ਅੰਦਰ 8% ਅਤੇ ਬਾਅਦ ਵਿੱਚ 15% ਰਕਮ ਸਮੇਤ ਕੁੱਲ 25% ਫੀਸ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾ ਦਿੱਤੀ ਸੀ। --ਪ੍ਰਸ਼ਾਸਨਿਕ ਅਣਦੇਖੀ ਤੋਂ ਖ਼ਰੀਦਦਾਰ ਪ੍ਰੇਸ਼ਾਨ ਨਵੰਬਰ 2025 ਤੋਂ ਅਗਸਤ 2026 ਤੱਕ ਖ਼ਰੀਦਦਾਰ ਕਬਜ਼ਾ ਲੈਣ ਲਈ ਚੰਡੀਗੜ੍ਹ ਦਫ਼ਤਰ, ਜ਼ਿਲ੍ਹਾ ਮੰਡੀ ਅਫ਼ਸਰ, ਚੀਫ਼ ਐਗਰੀਕਲਚਰ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਚੱਕਰ ਲਗਾ ਰਹੇ ਹਨ। ਖ਼ਰੀਦਦਾਰਾਂ ਫੁਲਵਿੰਦਰ ਸਿੰਘ ਤੇ ਰਾਜ ਕੁਮਾਰ ਬਰਨਾਲਾ ਨੇ ਦੱਸਿਆ ਕਿ ਉਹ ਜਨਵਰੀ ਮਹੀਨੇ ਵਿੱਚ ਜਦ ਡੀ.ਸੀ. ਬਰਨਾਲਾ ਨੂੰ ਮਿਲੇ ਸਨ ਤਾਂ ਉਨਾਂ ਨੇ 31 ਮਾਰਚ ਤੱਕ ਜਗ੍ਹਾ ਖਾਲੀ ਕਰਵਾ ਕੇ ਅਪ੍ਰੈਲ ਵਿੱਚ ਕਬਜ਼ਾ ਦੇਣ ਦਾ ਭਰੋਸਾ ਦਿੱਤਾ। ਪਰ ਉਹ ਜਦ ਅਪ੍ਰੈਲ ਮਹੀਨੇ ਮੁੜ ਡੀਸੀ ਬਰਨਾਲਾ ਨੂੰ ਮਿਲੇ ਤਾਂ ਉਨਾਂ ਨੇ ਸਮਾਂ ਵਧਾ ਕੇ 30 ਜੂਨ ਕਰ ਦਿੱਤਾ ਸੀ। ਕਬਜ਼ਾ ਨਾ ਮਿਲਣ ਦੀ ਸੂਰਤ ਵਿੱਚ ਜਦ ਉਹ ਮੁੜ ਡੀਸੀ ਬਰਨਾਲਾ ਨੂੰ ਜੁਲਾਈ ਮਹੀਨੇ ਵਿੱਚ ਮਿਲੇ ਤਾਂ ਉਹਨਾਂ ਨੇ ਮੁੜ ਖਰੀਦਦਾਰਾਂ ਨੂੰ ਇੱਕ ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ। ਅੱਕ ਥੱਕ ਕੇ ਜਦ ਖਰੀਦਦਾਰਾਂ ਨੇ 18 ਅਗਸਤ ਦਿਨ ਮੰਗਲਵਾਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਡੀ.ਸੀ. ਦਫ਼ਤਰ ਬੈਠੇ ਰਹੇ, ਪਰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। --ਅਦਾਲਤ ਜਾਣ ਦੀ ਚੇਤਾਵਨੀ ਖ਼ਰੀਦਦਾਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਬਦਲਵੇਂ ਪ੍ਰਬੰਧਾਂ ਤੋਂ ਬਿਨਾਂ ਦਫ਼ਤਰ ਛੱਡਣ ਲਈ ਤਿਆਰ ਨਹੀਂ ਹਨ। ਪੀੜਤ ਧਿਰ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਜਾਂ ਤਾਂ ਉਨ੍ਹਾਂ ਨੂੰ ਜਗ੍ਹਾ ਦਾ ਤੁਰੰਤ ਕਬਜ਼ਾ ਦੇਵੇ ਜਾਂ ਜਮ੍ਹਾਂ ਕੀਤੀ ਰਕਮ ਵਿਆਜ ਸਮੇਤ ਵਾਪਸ ਕਰੇ, ਨਹੀਂ ਤਾਂ ਉਹ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। --ਜਲਦੀ ਦਿੱਤਾ ਜਾਵੇਗਾ ਕਬਜ਼ਾ : ਜ਼ਿਲ੍ਹਾ ਮੰਡੀ ਅਫ਼ਸਰ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਨਿਜੀ ਤੌਰ ਤੇ ਵੀ ਮਿਲ ਚੁੱਕੇ ਹਨ। ਉਨਾਂ ਦੱਸਿਆ ਕਿ ਡੀਸੀ ਬਰਨਾਲਾ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉੱਪਰਲੀ ਮੰਜ਼ਿਲ ਦੀ ਉਸਾਰੀ ਅਧੀਨ ਇਮਾਰਤ ਇੱਕ ਮਹੀਨੇ ਵਿੱਚ ਮੁਕੰਮਲ ਹੋ ਜਾਵੇਗੀ। ਇਮਾਰਤ ਤਿਆਰ ਹੁੰਦਿਆਂ ਹੀ ਖੇਤੀਬਾੜੀ ਦਫ਼ਤਰ ਉੱਥੇ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਖ਼ਰੀਦਦਾਰਾਂ ਨੂੰ ਜਗ੍ਹਾ ਦਾ ਕਬਜ਼ਾ ਸੌਂਪ ਦਿੱਤਾ ਜਾਵੇਗਾ।