- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਲੇਰਕੋਟਲਾ ’ਚ 28 ਤੇ 29 ਨਵੰਬਰ ਨੂੰ ਲੱਗੇਗਾ ਚੌਥਾ ਪੁਸਤਕ ਮੇਲਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮਾਲੇਰਕੋਟਲਾ : ਇਤਿਹਾਸ ਵਿੱਚ ‘ਹਾਅ ਦਾ ਨਾਅਰਾ’ ਦੀ ਧਰਤੀ ਵਜੋਂ ਵਿਸ਼ੇਸ਼ ਪਛਾਣ ਰੱਖਣ ਵਾਲਾ ਮਾਲੇਰਕੋਟਲਾ ਇੱਕ ਵਾਰ ਫਿਰ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣਨ ਜਾ ਰਿਹਾ ਹੈ। ਡਾ. ਸੰਤੋਖ ਸਿੰਘ ਟਿਵਾਣਾ ਯਾਦਗਾਰੀ ਟਰੱਸਟ ਲਸੋਈ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ 28 ਅਤੇ 29 ਨਵੰਬਰ ਨੂੰ ਕਰਵਾਏ ਜਾ ਰਹੇ ਚੌਥੇ ਪੁਸਤਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੋ ਰੋਜ਼ਾ ਪੁਸਤਕ ਮੇਲੇ ਨੂੰ ਲੈ ਕੇ ਸ਼ਹਿਰ ਦੇ ਸਾਹਿਤ ਪ੍ਰੇਮੀਆਂ, ਲੇਖਕਾਂ ਅਤੇ ਵਿਦਿਆਰਥੀਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਟਰੱਸਟ ਦੇ ਚੇਅਰਮੈਨ ਪਰਸਨ ਸਿੰਘ ਗਿੱਲ ਨੇ ਦੱਸਿਆ ਕਿ ਪੁਸਤਕ ਮੇਲੇ ਦਾ ਉਦਘਾਟਨ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਪ੍ਰਿੰਸੀਪਲ ਅਨੀਲਾ ਸੁਲਤਾਨਾ ਵੱਲੋਂ ਕੀਤਾ ਜਾਵੇਗਾ। ਮੇਲੇ ਦੇ ਉਦਘਾਟਨੀ ਸੈਸ਼ਨ ਦੌਰਾਨ ਡਾ. ਬੀਆਰ ਅੰਬੇਡਕਰ ਯੂਨੀਵਰਸਿਟੀ, ਦਿੱਲੀ ਦੇ ਪ੍ਰੋ. ਯੋਗੇਸ਼ ਸਨੇਹੀ ਸਵੇਰੇ 11 ਵਜੇ ‘ਪੰਜਾਬ ਵਿੱਚ ਸਹਿ-ਹੋਂਦ ਦੀਆਂ ਜੜ੍ਹਾਂ ਦੀ ਭਾਲ ਮਾਲੇਰਕੋਟਲਾ ਤੋਂ ਸਬਕ’ ਵਿਸ਼ੇ ’ਤੇ ਆਪਣਾ ਭਾਸ਼ਣ ਦੇਣਗੇ। ਇਸ ਮੌਕੇ ਪ੍ਰਸਿੱਧ ਗਲਪਕਾਰ ਬਲਵਿੰਦਰ ਗਰੇਵਾਲ ਵਿਦਾਇਗੀ ਭਾਸ਼ਣ ਦੇਣਗੇ।
ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਦੌਰਾਨ 20 ਤੋਂ ਵੱਧ ਨਾਮਵਰ ਪ੍ਰਕਾਸ਼ਕਾਂ ਵੱਲੋਂ ਪੰਜਾਬੀ, ਅੰਗਰੇਜ਼ੀ, ਉਰਦੂ ਅਤੇ ਹਿੰਦੀ ਭਾਸ਼ਾਵਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਮੇਲੇ ਵਿੱਚ ਪੁਸਤਕਾਂ ਦੀ ਖਰੀਦੋ-ਫਰੋਖ਼ਤ ਦੇ ਨਾਲ-ਨਾਲ ਸਾਹਿਤਕ ਵਿਚਾਰ-ਚਰਚਾਵਾਂ, ਪੁਸਤਕ ਲੋਕ ਅਰਪਣ ਸਮਾਗਮ, ਨਾਟਕਾਂ ਦੀ ਪੇਸ਼ਕਾਰੀ ਅਤੇ ਵੱਖ-ਵੱਖ ਵਿਦਵਾਨਾਂ ਨਾਲ ਸਮਕਾਲੀ ਤੇ ਭਖਦੇ ਸਮਾਜਿਕ ਮੁੱਦਿਆਂ ਬਾਰੇ ਸੰਵਾਦ ਵੀ ਕਰਵਾਇਆ ਜਾਵੇਗਾ।
ਟਰੱਸਟ ਦੇ ਮੈਂਬਰਾਂ ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਹੁਸ਼ਿਆਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਮੇਲਾ ਸਿਰਫ਼ ਕਿਤਾਬਾਂ ਦੀ ਪ੍ਰਦਰਸ਼ਨੀ ਤੱਕ ਸੀਮਤ ਨਹੀਂ, ਸਗੋਂ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਅਤੇ ਵੱਖ-ਵੱਖ ਭਾਸ਼ਾਵਾਂ ਤੇ ਸਭਿਆਚਾਰਾਂ ਦਰਮਿਆਨ ਸੰਵਾਦ ਨੂੰ ਮਜ਼ਬੂਤ ਕਰਨ ਦਾ ਇੱਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਅਤੇ ਪੜ੍ਹਨ ਦੀ ਰੁਚੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਸਾਹਿਤਕ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਟਰੱਸਟ ਦੇ ਅਹੁਦੇਦਾਰਾਂ ਨੇ ਇਲਾਕੇ ਦੇ ਲੇਖਕਾਂ, ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਪੁਸਤਕ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਪੁਸਤਕ ਮੇਲੇ ਵਿੱਚ ਸ਼ਮੂਲੀਅਤ ਕਰਕੇ ਇਸ ਸਾਹਿਤਕ ਉਪਰਾਲੇ ਦਾ ਹਿੱਸਾ ਬਣਨ।