- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁਰਾਕ ਵਿਭਾਗ ਨੇ ਖਾਣ-ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਜਾਂਚਣ ਲਈ ਨਮੂਨੇ ਭਰੇ

ਮਹਾਂਵੀਰ ਗੋਇਲ, ਪੰਜਾਬੀ ਜਾਗਰਣ,
ਅਹਿਮਦਗੜ੍ਹ : ਖੁਰਾਕ ਸਪਲਾਈ ਵਿਭਾਗ, ਮਾਲੇਰਕੋਟਲਾ ਦੀ ਟੀਮ ਨੇ ਖਾਧ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਅਹਿਮਦਗੜ੍ਹ ਵਿੱਚ ਮਿਠਾਈ ਦੀਆਂ ਦੁਕਾਨਾਂ ਅਤੇ ਡੇਅਰੀਆਂ ਵਿੱਚ ਇੱਕ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ। ਮਾਲੇਰਕੋਟਲਾ ਦੇ ਸਹਾਇਕ ਕਮਿਸ਼ਨਰ ਰਾਖੀ ਵਿਨਾਇਕ ਦੀ ਅਗਵਾਈ ਵਿੱਚ, ਇਸ ਕਾਰਵਾਈ ਵਿਚ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਇਕੱਠੇ ਕੀਤੇ ਗਏ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗੀ ਟੀਮ ਨੇ ਅਹਿਮਦਗੜ੍ਹ ਵਿੱਚ ਖੁਸ਼ੀ ਰਾਮ, ਚਮਨ ਲਾਲ, ਗੁਲਜ਼ਾਰ ਅਤੇ ਬੀਕਾਨੇਰ ਦੀਆਂ ਦੁਕਾਨਾਂ ਤੋਂ ਪਨੀਰ, ਖੋਆ ਅਤੇ ਆਈਸ ਕਰੀਮ ਦੇ ਨਮੂਨੇ ਇਕੱਠੇ ਕੀਤੇ। ਇਸ ਤੋਂ ਇਲਾਵਾ ਕੁੱਪ ਕਲਾਂ ਦੀ ਇੱਕ ਦੁਕਾਨ ਤੋਂ ਵੀ ਖੋਆ ਦਾ ਨਮੂਨਾ ਲਿਆ ਗਿਆ। ਟੀਮ ਨੇ ਦੁਕਾਨਦਾਰਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਟੋਰੇਜ ਬਾਰੇ ਜਾਣਕਾਰੀ ਵੀ ਇਕੱਠੀ ਕੀਤੀ।
ਸਹਾਇਕ ਕਮਿਸ਼ਨਰ ਰਾਖੀ ਵਿਨਾਇਕ ਨੇ ਕਿਹਾ ਕਿ ਇਹ ਵਿਭਾਗ ਦੀ ਨਿਯਮਤ ਨਿਰੀਖਣ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਖੁਰਾਕ ਵਿਭਾਗ ਦੇ ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ ਦੀ ਅਗਵਾਈ ਹੇਠ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਦੀਆਂ ਵਸਤਾਂ, ਖਾਸ ਕਰਕੇ ਪਨੀਰ ਅਤੇ ਖੋਏ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਬਾਜ਼ਾਰ ਵਿੱਚ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਨੂੰ ਰੋਕਣਾ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨਾ ਕਰਨ ਅਤੇ ਨਿਰਧਾਰਤ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ। ਵਿਭਾਗ ਨੇ ਸੰਕੇਤ ਦਿੱਤਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਮੂਨਾ ਲੈਣ ਅਤੇ ਜਾਂਚ ਪ੍ਰਕਿਰਿਆ ਜਾਰੀ ਰਹੇਗੀ ਅਤੇ ਨਮੂਨੇ ਫੇਲ ਹੋਣ ਤੇ ਉਕਤ ਦੁਕਾਨਦਾਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ।