- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੀਆਂ ਲੜੀਆਂ ਨੇ ਫਿੱਕੀ ਪਾਈ ਮਿੱਟੀ ਦੇ ਦੀਵਿਆਂ ਦੀ ਲੋਅ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ ਛ ਦੀਵਾਲੀ ਦਾ ਤਿਉਹਾਰ ਰੌਸ਼ਨੀ, ਖੁਸ਼ੀਆਂ ਅਤੇ ਆਪਸੀ ਸਾਂਝ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ ਲੋਕ ਆਪਣੇ ਘਰਾਂ ਨੂੰ ਦੀਵਿਆਂ, ਮੋਮਬੱਤੀਆਂ ਅਤੇ ਰੰਗ-ਬਿਰੰਗੀਆਂ ਬਿਜਲਈ ਲੜੀਆਂ ਨਾਲ ਸਜਾ ਕੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਪਰ ਬਦਲਦੇ ਸਮੇਂ ਦੇ ਨਾਲ ਦੀਵਾਲੀ ਦੀ ਰਵਾਇਤੀ ਰੌਣਕ ਦਾ ਅਹਿਮ ਹਿੱਸਾ ਰਹੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੀ ਜ਼ਿੰਦਗੀ ਵਿੱਚੋਂ ਖੁਸ਼ਹਾਲੀ ਦੀ ਚਮਕ ਮੱਧਮ ਪੈਣ ਲੱਗੀ ਹੈ। ਕਦੇ ਹਰ ਘਰ ਦੀ ਸ਼ਾਨ ਮੰਨੇ ਜਾਂਦੇ ਮਿੱਟੀ ਦੇ ਦੀਵੇ ਅੱਜ ਆਧੁਨਿਕ ਲਾਈਟਾਂ ਦੇ ਵਧਦੇ ਰੁਝਾਨ ਕਾਰਨ ਆਪਣੀ ਪੁਰਾਣੀ ਪਛਾਣ ਗੁਆ ਰਹੇ ਹਨ, ਜਿਸ ਦਾ ਸਿੱਧਾ ਅਸਰ ਇਸ ਰਵਾਇਤੀ ਕਿੱਤੇ ਨਾਲ ਜੁੜੇ ਪਰਿਵਾਰਾਂ ਦੀ ਆਰਥਿਕਤਾ ’ਤੇ ਪੈ ਰਿਹਾ ਹੈ। ਮਹਿਲ ਕਲਾਂ ਵਿਖੇ ਮਿੱਟੀ ਦੇ ਦੀਵੇ, ਹੱਟੜੀਆਂ, ਮਸ਼ਾਲਾਂ ਅਤੇ ਹੋਰ ਮਿੱਟੀ ਦੀਆਂ ਵਸਤਾਂ ਤਿਆਰ ਕਰਕੇ ਵੇਚਣ ਦਾ ਕੰਮ ਕਰ ਰਹੀ ਬਜ਼ੁਰਗ ਮਾਤਾ ਬਲਕੀ ਖਾ ਅਤੇ ਉਨ੍ਹਾਂ ਦੇ ਪੁੱਤਰ ਅਬਦੁਲ ਸਿਤਾਰ ਨੇ ਦੱਸਿਆ ਕਿ ਕਦੇ ਉਨ੍ਹਾਂ ਦੇ ਹੱਥਾਂ ਨਾਲ ਤਿਆਰ ਕੀਤੇ ਦੀਵੇ ਲੋਕਾਂ ਦੇ ਘਰਾਂ ਨੂੰ ਰੌਸ਼ਨ ਕਰਦੇ ਸਨ, ਪਰ ਅੱਜ ਉਨ੍ਹਾਂ ਨੂੰ ਖੁਦ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਮਿੱਟੀ ਦੀ ਇੱਕ ਟਰਾਲੀ 500 ਤੋਂ 1000 ਰੁਪਏ ਤੱਕ ਮਿਲ ਜਾਂਦੀ ਸੀ, ਜਦਕਿ ਹੁਣ ਇਸ ਦੀ ਕੀਮਤ ਵਧ ਕੇ 4 ਤੋਂ 6 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਕੱਚੇ ਮਾਲ ਦੀਆਂ ਕੀਮਤਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਅਤੇ ਮਿੱਟੀ ਦੇ ਦੀਵਿਆਂ ਦੀ ਲਗਾਤਾਰ ਘਟ ਰਹੀ ਮੰਗ ਨੇ ਉਨ੍ਹਾਂ ਦੀ ਕਮਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀਆਂ ਅਤੇ ਮਿਹਨਤ ਦੇ ਮੁਕਾਬਲੇ ਨਿਗੂਣੀ ਆਮਦਨ ਹੋਣ ਕਾਰਨ ਭਾਈਚਾਰੇ ਦੇ ਕਈ ਪਰਿਵਾਰ ਇਸ ਕਿੱਤੇ ਤੋਂ ਮੂੰਹ ਮੋੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਆਪਣੀ ਮਿਹਨਤ ਅਤੇ ਹੁਨਰ ਦੇ ਸਹਾਰੇ ਮਿੱਟੀ ਦੀਆਂ ਵਸਤਾਂ ਤਿਆਰ ਕਰ ਰਹੇ ਹਨ। ਇੱਕ ਸਾਦਾ ਮਿੱਟੀ ਦਾ ਦੀਵਾ ਦੋ ਰੁਪਏ, ਚਾਰ ਮੂੰਹਾਂ ਵਾਲਾ ਦੀਵਾ 10 ਰੁਪਏ ਅਤੇ ਦੀਵਾਲੀ ਮੌਕੇ ਜਗਾਈ ਜਾਣ ਵਾਲੀ ਹੱਟੜੀ ਕਰੀਬ 150 ਰੁਪਏ ਵਿੱਚ ਵੇਚੀ ਜਾਂਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਮਿੱਟੀ ਦੇ ਭਾਂਡੇ ਵੀ ਬਣਾਏ ਜਾਂਦੇ ਹਨ। ਪਰ ਲੋਕਾਂ ਦੀ ਪਸੰਦ ਵਿੱਚ ਆਏ ਬਦਲਾਅ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਸਜਾਵਟੀ ਲੜੀਆਂ ਦੀ ਵਧਦੀ ਮੰਗ ਕਾਰਨ ਉਨ੍ਹਾਂ ਦੇ ਬਣਾਏ ਸਾਮਾਨ ਦੀ ਵਿਕਰੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਘਟ ਗਈ ਹੈ।
ਕਈ ਵਾਰ ਦਿਨ-ਰਾਤ ਦੀ ਮਿਹਨਤ ਨਾਲ ਤਿਆਰ ਕੀਤੀਆਂ ਵਸਤਾਂ ਵੀ ਵਿਕਣ ਤੋਂ ਰਹਿ ਜਾਂਦੀਆਂ ਹਨ, ਜਿਸ ਕਾਰਨ ਲਾਗਤ ਕੱਢਣੀ ਵੀ ਔਖੀ ਹੋ ਜਾਂਦੀ ਹੈ। ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਬਜ਼ੁਰਗ ਮਾਤਾ ਬਲਕੀ ਖਾ ਨੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਦੀਵਾਲੀ ਮੌਕੇ ਸਰ੍ਹੋਂ ਦੇ ਤੇਲ ਨਾਲ ਮਿੱਟੀ ਦੇ ਦੀਵੇ ਜਗਾਉਣ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ ਅਤੇ ਹਰ ਘਰ ਵਿੱਚ ਵੱਡੀ ਗਿਣਤੀ ਵਿੱਚ ਦੀਵੇ ਖਰੀਦੇ ਜਾਂਦੇ ਸਨ। ਉਸ ਸਮੇਂ ਦੀਵਾਲੀ ਦਾ ਤਿਉਹਾਰ ਉਨ੍ਹਾਂ ਵਰਗੇ ਕਾਰੀਗਰ ਪਰਿਵਾਰਾਂ ਲਈ ਸਾਲ ਦੀ ਕਮਾਈ ਦਾ ਅਹਿਮ ਸਾਧਨ ਹੁੰਦਾ ਸੀ। ਪਰ ਅੱਜ ਆਧੁਨਿਕਤਾ ਦੇ ਪ੍ਰਭਾਵ ਹੇਠ ਪੁਰਾਣੀਆਂ ਰਵਾਇਤਾਂ ਹੌਲੀ-ਹੌਲੀ ਅਲੋਪ ਹੋ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਪੀੜ੍ਹੀ-ਦਰ-ਪੀੜ੍ਹੀ ਚੱਲਦਾ ਆ ਰਿਹਾ ਉਨ੍ਹਾਂ ਦਾ ਹੁਨਰ ਵੀ ਖਤਮ ਹੋਣ ਦੇ ਕੰਢੇ ਪਹੁੰਚ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਆਪਣੇ ਘਰਾਂ ਲਈ ਕੁਝ ਮਿੱਟੀ ਦੇ ਦੀਵੇ ਜ਼ਰੂਰ ਖਰੀਦਣ ਅਤੇ ਉਨ੍ਹਾਂ ਨੂੰ ਰੌਸ਼ਨ ਕਰਕੇ ਪੁਰਾਣੀ ਰਵਾਇਤ ਨੂੰ ਜਿਊਂਦਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।